CBI ਦਾ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਦੇ ਟਿਕਾਣਿਆਂ ’ਤੇ ਛਾਪਾ; ਕਿਹਾ, ‘ਕਿਸਾਨਾਂ ਦੇ ਨਾਲ ਖੜ੍ਹਾ ਰਹਾਂਗਾ’

CBI ਦਾ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਦੇ ਟਿਕਾਣਿਆਂ ’ਤੇ ਛਾਪਾ; ਕਿਹਾ, ‘ਕਿਸਾਨਾਂ ਦੇ ਨਾਲ ਖੜ੍ਹਾ ਰਹਾਂਗਾ’

ਸੀਬੀਆਈ ਨੇ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਵਿਰੁਧ ਕਾਰਵਾਈ ਕੀਤੀ ਹੈ। ਸੀਬੀਆਈ ਨੇ ਉਨ੍ਹਾਂ ਨਾਲ ਸਬੰਧਤ 30 ਤੋਂ ਵੱਧ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਸੂਤਰਾਂ ਮੁਤਾਬਕ ਵੀਰਵਾਰ ਸਵੇਰ ਤੋਂ ਦਿੱਲੀ ਵਿਚ ਮਲਿਕ ਦੇ ਟਿਕਾਣੇ 'ਤੇ ਕਾਰਵਾਈ ਚੱਲ ਰਹੀ ਹੈ।

ਜਾਣਕਾਰੀ ਮਿਲੀ ਹੈ ਕਿ ਸੀਬੀਆਈ ਨੇ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਦੇ ਦਿੱਲੀ ਸਥਿਤ ਘਰ 'ਤੇ ਛਾਪਾ ਮਾਰਿਆ ਹੈ। ਦਰਅਸਲ, ਸੀਬੀਆਈ ਨੇ ਇਹ ਛਾਪੇਮਾਰੀ ਹਾਈਡਰੋ ਪਾਵਰ ਪ੍ਰਾਜੈਕਟ ਮਾਮਲੇ ਵਿਚ ਕੀਤੀ ਹੈ। ਸੀਬੀਆਈ ਨੇ ਬੀਮਾ ਘੁਟਾਲੇ ਵਿਚ ਮਲਿਕ ਖ਼ਿਲਾਫ਼ ਕਾਰਵਾਈ ਕੀਤੀ ਹੈ। ਸੀਬੀਆਈ ਨੇ ਬੀਮਾ ਘੁਟਾਲੇ ਦੇ ਮਾਮਲੇ 'ਚ ਸੱਤਿਆਪਾਲ ਮਲਿਕ ਅਤੇ ਉਸ ਦੇ ਕਰੀਬੀ ਸਾਥੀਆਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ।

ਇਸ ਵਿਚਾਲੇ ਸੱਤਿਆਪਾਲ ਮਲਿਕ ਨੇ ਕਿਹਾ, “ਮੈਂ ਪਿਛਲੇ 3-4 ਦਿਨਾਂ ਤੋਂ ਬੀਮਾਰ ਹਾਂ ਅਤੇ ਹਸਪਤਾਲ ਵਿਚ ਦਾਖਲ ਹਾਂ। ਇਸ ਦੇ ਬਾਵਜੂਦ ਸਰਕਾਰੀ ਏਜੰਸੀਆਂ ਰਾਹੀਂ ਤਾਨਾਸ਼ਾਹ ਵਲੋਂ ਮੇਰੇ ਘਰ ਛਾਪੇਮਾਰੀ ਕੀਤੀ ਜਾ ਰਹੀ ਹੈ। ਮੇਰੇ ਡਰਾਈਵਰ ਅਤੇ ਮੇਰੇ ਸਹਾਇਕ ਨੂੰ ਵੀ ਬੇਵਜ੍ਹਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।ਮੈਂ ਕਿਸਾਨ ਦਾ ਪੁੱਤ ਹਾਂ, ਮੈਂ ਇਨ੍ਹਾਂ ਛਾਪਿਆਂ ਤੋਂ ਨਹੀਂ ਡਰਾਂਗਾ। ਮੈਂ ਕਿਸਾਨਾਂ ਦੇ ਨਾਲ ਹਾਂ”।

ਉਨ੍ਹਾਂ ਇਕ ਹੋਰ ਪੋਸਟ ਵਿਚ ਕਿਹਾ, “ਭ੍ਰਿਸ਼ਟਾਚਾਰ ’ਚ ਸਾਮਲ ਜਿਨ੍ਹਾਂ ਲੋਕਾਂ ਦੀ ਮੈਂ ਸ਼ਿਕਾਇਤ ਕੀਤੀ ਸੀ, ਉਨ੍ਹਾਂ ਦੀ ਜਾਂਚ ਕਰਨ ਦੀ ਬਜਾਏ CBI ਨੇ ਮੇਰੀ ਰਿਹਾਇਸ਼ 'ਤੇ ਛਾਪਾ ਮਾਰਿਆ। ਮੇਰੇ ਕੋਲੋਂ 4-5 ਕੁੜਤੇ-ਪਜਾਮਿਆਂ ਤੋਂ ਇਲਾਵਾ ਕੁੱਝ ਨਹੀਂ ਮਿਲੇਗਾ। ਤਾਨਾਸ਼ਾਹ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਕਰਕੇ ਮੈਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮੈਂ ਕਿਸਾਨ ਦਾ ਪੁੱਤ ਹਾਂ, ਨਾ ਡਰਾਂਗਾ, ਨਾ ਝੁਕਾਂਗਾ।”

ਇਲਜ਼ਾਮ ਹਨ ਕਿ ਸਾਲ 2019 ਵਿਚ, ਕਿਸ਼ਤਵਾੜ ਵਿਚ ਕਿਰੂ ਹਾਈਡਰੋ ਪਾਵਰ ਪ੍ਰਾਜੈਕਟ ਲਈ 2,200 ਕਰੋੜ ਰੁਪਏ ਦੇ ਸਿਵਲ ਕੰਮ ਦਾ ਠੇਕਾ ਦੇਣ ਵਿਚ ਕਥਿਤ ਭ੍ਰਿਸ਼ਟਾਚਾਰ ਹੋਇਆ ਸੀ। ਸਤਿਆਪਾਲ ਮਲਿਕ 23 ਅਗਸਤ, 2018 ਤੋਂ 30 ਅਕਤੂਬਰ, 2019 ਤਕ ਜੰਮੂ-ਕਸ਼ਮੀਰ ਦੇ ਰਾਜਪਾਲ ਸਨ। ਮਲਿਕ ਨੇ ਇਲਜ਼ਾਮ ਲਗਾਏ ਸਨ ਕਿ ਉਨ੍ਹਾਂ ਨੂੰ ਪ੍ਰਾਜੈਕਟ ਨਾਲ ਸਬੰਧਤ ਦੋ ਫਾਈਲਾਂ ਨੂੰ ਕਲੀਅਰ ਕਰਨ ਲਈ 300 ਕਰੋੜ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕੀਤੀ ਗਈ ਸੀ।