- Updated: January 30, 2024 01:25 PM
ਚੰਡੀਗੜ੍ਹ ਮੇਅਰ ਚੋਣਾਂ ਵਿਚ ਭਾਜਪਾ ਨੇ ਜਿੱਤ ਦਰਜ ਕੀਤੀ ਹੈ। ਇਸ ਚੋਣ ਲਈ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਗਠਜੋੜ ਕੀਤਾ ਸੀ। ਇਹ ਇੰਡੀਆ ਗਠਜੋੜ ਦੀ ਪਹਿਲੀ ਚੋਣ ਸੀ, ਜਿਸ ਵਿਚ ਉਸ ਨੂੰ ਹਾਰ ਮਿਲੀ ਹੈ। ਭਾਜਪਾ ਦੇ ਮਨੋਜ ਕੁਮਾਰ ਨੂੰ 16 ਅਤੇ ਗਠਜੋੜ ਦੇ ਉਮੀਦਵਾਰ ਕੁਲਦੀਪ ਟੀਟਾ ਨੂੰ 12 ਵੋਟਾਂ ਮਿਲੀਆਂ ਹਨ। ਜੇਕਰ ਰੱਦ ਹੋਈਆਂ ਵੋਟਾਂ 'ਤੇ ਨਜ਼ਰ ਮਾਰੀਏ ਤਾਂ 8 ਵੋਟਾਂ ਰੱਦ ਹੋਈਆਂ ਹਨ। ਇਸ ਦੌਰਾਨ ਭਾਜਪਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਮਿਲਦਾ ਨਜ਼ਰ ਆ ਰਿਹਾ ਹੈ।
ਇਸ 'ਤੇ 'ਆਪ' ਅਤੇ ਕਾਂਗਰਸ ਨੇ ਪ੍ਰੀਜ਼ਾਈਡਿੰਗ ਅਫ਼ਸਰ ਅਨਿਲ ਮਸੀਹ 'ਤੇ ਕਈ ਵੋਟਾਂ ਨਾਲ ਛੇੜਛਾੜ ਕਰਨ ਦਾ ਦੋਸ਼ ਲਾਇਆ। ਕਾਂਗਰਸ ਅਤੇ 'ਆਪ' ਕੌਂਸਲਰਾਂ ਦਾ ਦੋਸ਼ ਹੈ ਕਿ ਵੀਡੀਉ 'ਚ ਅਨਿਲ ਮਸੀਹ ਨੂੰ ਕਈ ਵੋਟਾਂ 'ਤੇ ਕਲਮ ਚਲਾਉਂਦੇ ਹੋਏ ਦੇਖਿਆ ਗਿਆ। ਇਸ ਗੱਲ ਦਾ ਸਬੂਤ ਵੀਡੀਉ ਵਿਚ ਵੀ ਹੈ। ਇਸ ਦੌਰਾਨ ਭਾਜਪਾ ਦੇ ਕੁਲਜੀਤ ਸਿੰਘ ਸੀਨੀਅਰ ਡਿਪਟੀ ਮੇਅਰ ਬਣੇ। ਉਨ੍ਹਾਂ ਨੂੰ 16 ਵੋਟਾਂ ਮਿਲੀਆਂ, ਜਦਕਿ ਵਿਰੋਧੀ ਧਿਰ ਨੇ ਹਿੱਸਾ ਨਹੀਂ ਲਿਆ। ਭਾਜਪਾ ਦੇ ਰਾਜਿੰਦਰ ਸ਼ਰਮਾ ਡਿਪਟੀ ਮੇਅਰ ਚੁਣੇ ਗਏ।
ਜ਼ਿਕਰਯੋਗ ਹੈ ਕਿ 35 ਕੌਂਸਲਰਾਂ ਵਾਲੇ ਨਗਰ ਨਿਗਮ ਵਿਚ ‘ਆਪ’ ਅਤੇ ਕਾਂਗਰਸ ਦੇ 20 ਕੌਂਸਲਰ ਹਨ ਜਦਕਿ ਭਾਜਪਾ ਦੇ 14 ਕੌਂਸਲਰ ਹਨ। ਇਨ੍ਹਾਂ ਵਿਚੋਂ ਭਾਜਪਾ ਨੂੰ ਇਕ ਵੋਟ ਸੰਸਦ ਮੈਂਬਰ ਕਿਰਨ ਖੇਰ ਦੀ ਵੀ ਮਿਲੀ ਹੈ। ਇਨ੍ਹਾਂ ਤੋਂ ਇਲਾਵਾ ਅਕਾਲੀ ਦਲ ਦਾ ਇਕ ਕੌਂਸਲਰ ਹੈ। ਨਿਗਮ ਵਿਚ ਮੇਅਰ ਦੇ ਬਹੁਮਤ ਲਈ 19 ਵੋਟਾਂ ਦੀ ਲੋੜ ਹੁੰਦੀ ਹੈ। ਚੰਡੀਗੜ੍ਹ ਨਿਗਮ ਵਿਚ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਭਾਜਪਾ ਦਾ ਮੇਅਰ ਬਣਦਾ ਆ ਰਿਹਾ ਹੈ।
ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕੀਤਾ ਟਵੀਟ
‘‘ਜਿਸ ਤਰ੍ਹਾਂ ਚੰਡੀਗੜ੍ਹ ਦੇ ਮੇਅਰ ਦੀ ਚੋਣ ’ਚ ਦਿਨ-ਦਿਹਾੜੇ ਬੇਈਮਾਨੀ ਕੀਤੀ ਗਈ ਹੈ, ਉਹ ਬਹੁਤ ਚਿੰਤਾਜਨਕ ਹੈ। ਜੇਕਰ ਇਹ ਲੋਕ ਮੇਅਰ ਦੀ ਚੋਣ ’ਚ ਇੰਨੇ ਹੇਠਲੇ ਪੱਧਰ ’ਤੇ ਜਾ ਸਕਦੇ ਹਨ ਤਾਂ ਉਹ ਦੇਸ਼ ਦੀਆਂ ਚੋਣਾਂ ’ਚ ਕਿਸੇ ਵੀ ਹੱਦ ਤਕ ਜਾ ਸਕਦੇ ਹਨ। ਇਹ ਬਹੁਤ ਚਿੰਤਾਜਨਕ ਹੈ।’’
ਭਾਜਪਾ ਪ੍ਰਧਾਨ ਨੇ ਕੀਤਾ ਟਵੀਟ
ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਚੰਡੀਗੜ੍ਹ ਇਕਾਈ ਨੂੰ ਮੇਅਰ ਦੀ ਚੋਣ ਜਿੱਤਣ ਲਈ ਵਧਾਈ ਦਿਤੀ। ਉਨ੍ਹਾਂ ਲਿਖਿਆ, "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਵਿਚ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਰਿਕਾਰਡ ਵਿਕਾਸ ਹੋਇਆ ਹੈ। ਇਡੀਆ ਗਠਜੋੜ ਨੇ ਅਪਣੀ ਪਹਿਲੀ ਚੋਣ ਲੜਾਈ ਲੜੀ ਅਤੇ ਫਿਰ ਵੀ ਭਾਜਪਾ ਤੋਂ ਹਾਰ ਗਈ ਇਹ ਦਰਸਾਉਂਦਾ ਹੈ ਕਿ ਨਾ ਤਾਂ ਉਨ੍ਹਾਂ ਦਾ ਗਣਿਤ ਕੰਮ ਕਰ ਰਿਹਾ ਹੈ ਅਤੇ ਨਾ ਹੀ ਉਨ੍ਹਾਂ ਦੀ ਕੈਮਿਸਟਰੀ"।
ਇਸ ਤੋਂ ਪਹਿਲਾਂ ਚੰਡੀਗੜ੍ਹ ਵਿਚ 18 ਜਨਵਰੀ ਨੂੰ ਮੇਅਰ ਦੀ ਚੋਣ ਹੋਣੀ ਸੀ ਪਰ ਪ੍ਰਸ਼ਾਸਨ ਵਲੋਂ ਉਸ ਮੌਕੇ ਇਸ ਨੂੰ ਟਾਲ ਦਿਤਾ ਗਿਆ ਸੀ। ਇਸ ਵਿਚ ਪ੍ਰਸ਼ਾਸਨ ਨੇ ਦਲੀਲ ਦਿਤੀ ਸੀ ਕਿ ਚੋਣ ਅਧਿਕਾਰੀ ਅਚਾਨਕ ਬੀਮਾਰ ਹੋ ਗਏ ਸਨ ਅਤੇ ਅਮਨ-ਕਾਨੂੰਨ ਲਈ ਖਤਰਾ ਪੈਦਾ ਹੋ ਗਿਆ ਸੀ। ਇਸ ਕਾਰਨ ਇਹ ਚੋਣ ਨਹੀਂ ਕਰਵਾਈ ਜਾ ਸਕਦੀ। ਇਸ ’ਤੇ ਵਿਰੋਧੀ ਕੌਂਸਲਰਾਂ ਵਲੋਂ ਭਾਰੀ ਹੰਗਾਮਾ ਕੀਤਾ ਗਿਆ। ਜਿਸ ਕਰਕੇ ਕਾਂਗਰਸ ਤੇ ‘ਆਪ’ ਨੇ ਇਸ ਦੇ ਖਿਲਾਫ਼ ਹਾਈ ਕੋਰਟ ਦਾ ਰੁਖ ਕੀਤਾ ਸੀ। ਹਾਈ ਕੋਰਟ ਦੀ ਸੁਣਵਾਈ ਦੌਰਾਨ ਚੰਡੀਗੜ੍ਹ ਨਗਰ ਨਿਗਮ ਨੇ ਪਹਿਲਾਂ ਕਿਹਾ ਸੀ ਕਿ 6 ਫਰਵਰੀ ਨੂੰ ਚੋਣ ਕਰਵਾਈ ਜਾਵੇਗੀ। ਜਿਸ ਤੋਂ ਬਾਅਦ ਹਾਈ ਕੋਰਟ ਨੇ ਕਿਹਾ ਕਿ ਇਹ ਤਰੀਕ ਬਹੁਤ ਦੂਰ ਹੈ ਕੋਈ ਨਵੀਂ ਮਿਤੀ ਜਾਰੀ ਕੀਤੀ ਜਾਵੇ। ਜਿਸ ਕਰਕੇ ਚੋਣ ਲਈ ਹਾਈ ਕੋਰਟ ਵਿਚ 30 ਜਨਵਰੀ ਦੀ ਤਰੀਕ ਤੈਅ ਹੋਈ ਸੀ।