ਰਵਨੀਤ ਬਿੱਟੂ ਨੇ ਕਿਹਾ ," ਪੀ. ਐੱਮ. ਮੋਦੀ ਦੀ ਸੁਰੱਖਿਆ ’ਚ ਕੋਤਾਹੀ ਲਈ ਚਰਨਜੀਤ ਚੰਨੀ ਜ਼ਿੰਮੇਵਾਰ"

ਰਵਨੀਤ ਬਿੱਟੂ ਨੇ ਕਿਹਾ ,

ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਐਲਾਨ ਹੁੰਦਿਆਂ ਹੀ ਕਾਂਗਰਸ ’ਤੇ ਤਾਬੜਤੋੜ ਹਮਲੇ ਸ਼ੁਰੂ ਕਰ ਦਿੱਤੇ ਹਨ।

ਬਿੱਟੂ ਨੇ ਅੱਜ ਇਕ ਨਿੱਜੀ ਚੈਨਲ ’ਤੇ ਗੱਲਬਾਤ ਕਰਦਿਆਂ ਦੱਸਿਆ ਕਿ 2 ਸਾਲ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫਿਰੋਜ਼ਪੁਰ ਦੌਰੇ ਦੌਰਾਨ ਉਨ੍ਹਾਂ ਦੀ ਸੁਰੱਖਿਆ ’ਚ ਹੋਈ ਕੋਤਾਹੀ ਉਸ ਸਮੇਂ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਯੋਜਨਾ ਦਾ ਇਕ ਹਿੱਸਾ ਸੀ। ਬਿੱਟੂ ਨੇ ਕਿਹਾ ਕਿ ਸੀ. ਐੱਮ. ਚੰਨੀ ਨੇ ਹੀ ਫਿਰੋਜ਼ਪੁਰ ਦੇ ਪਿਆਰੇਆਣਾ ਪਿੰਡ ਦੇ ਫਲਾਈਓਵਰ ’ਤੇ 15 ਤੋਂ 20 ਲੋਕ ਭੇਜ ਕੇ ਪੀ. ਐੱਮ. ਮੋਦੀ ਦਾ ਕਾਫਲਾ ਰੁਕਵਾ ਦਿੱਤਾ ਸੀ।

ਬਿੱਟੂ ਦਾ ਕਹਿਣਾ ਹੈÇ ਕਿ ਚੰਨੀ ਨੂੰ ਸੂਬੇ ਦੇ ਸੂਚਨਾ ਤੰਤਰ ਤੋਂ ਪਤਾ ਲੱਗ ਗਿਆ ਸੀ ਕਿ ਪ੍ਰਧਾਨ ਮੰਤਰੀ ਮੋਦੀ ਆਪਣੇ ਦੌਰੇ ਦੌਰਾਨ ਹਿਮਾਚਲ ਦੀ ਤਰਜ ’ਤੇ ਬਾਰਡਰ ਸਟੇਟ ਹੋਣ ਦੇ ਨਾਂ ’ਤੇ ਪੰਜਾਬ ਦੀ ਇੰਡਸਟਰੀ ਨੂੰ ਕਈ ਰਿਆਇਤਾਂ ਦੇਣ ਲਈ ਐਲਾਨ ਕਰਨਗੇ, ਜੋ ਰੁਕਾਵਟ ਕਾਰਨ ਸੰਭਵ ਨਹੀਂ ਹੋ ਸਕਿਆ ਕਿਉਂਕਿ ਚੰਨੀ ਨੇ ਸੂਬੇ ਦੇ ਹਿੱਤਾਂ ਨੂੰ ਦਰਕਿਨਾਰ ਕਰਕੇ ਕਾਂਗਰਸ ਦੇ ਹਿੱਤਾਂ ਦੀ ਰੱਖਿਆ ਲਈ ਇਹ ਸਭ ਕੀਤਾ। ਉਥੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਵੀ ਕਿਹਾ ਕਿ ਭਾਜਪਾਈਆਂ ਨੂੰ ਖ਼ੁਸ਼ ਕਰਨ ਲਈ ਬਿੱਟੂ ਇਹ ਸਭ ਕੁਝ ਬੋਲ ਰਹੇ ਹਨ। ਮੈਂ ਇਸ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ।