ਭਾਰਤ ’ਚ ਹੁਣ ਐਪਲ ਦੇ ਰਾਹ ’ਤੇ ਟੈਸਲਾ,ਚੀਨ ਨੂੰ ਲੱਗੇਗਾ ਇਕ ਹੋਰ ਝਟਕਾ

ਭਾਰਤ ’ਚ ਹੁਣ ਐਪਲ ਦੇ ਰਾਹ ’ਤੇ ਟੈਸਲਾ,ਚੀਨ ਨੂੰ ਲੱਗੇਗਾ ਇਕ ਹੋਰ ਝਟਕਾ

ਕੋਵਿਡ ਤੋਂ ਬਾਅਦ ਪੱਛਮੀ ਦੇਸ਼ ਮੈਨੂਫੈਕਚਰਿੰਗ ਲਈ ਲਗਾਤਾਰ ਚੀਨ ’ਤੇ ਆਪਣੀ ਨਿਰਭਰਤਾ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਆਈਫੋਨ ਬਣਾਉਣ ਵਾਲੀ ਕੰਪਨੀ ਐਪਲ ਨੇ ਭਾਰਤ ਆ ਕੇ ਇਸ ਮਾਮਲੇ ’ਤੇ ਪੂਰੀ ਦੁਨੀਆ ਨੂੰ ਇਕ ਹਾਂਪੱਖੀ ਸੰਦੇਸ਼ ਦਿੱਤਾ ਹੈ। ਹੁਣ ਚੀਨ ਨੂੰ ਇਕ ਹੋਰ ਝਟਕ ਐਲਨ ਮਸਕ ਦੀ ਕੰਪਨੀ ਟੈਸਲਾ ਵੀ ਦੇ ਸਕਦੀ ਹੈ। ਰਾਇਟਰਸ ਦੀ ਖ਼ਬਰ ਹੈ ਕਿ ਟੈਸਲਾ ਨੇ ਇਕ ਵਾਰ ਮੁੜ ਭਾਰਤ ’ਚ ਆਪਣੀ ਫੈਕਟਰੀ ਲਗਾਉਣ ਦੀ ਇੱਛਾ ਪ੍ਰਗਟਾਈ ਹੈ। ਟੈਸਲਾ ਇਸ ਤੋਂ ਪਹਿਲਾਂ ਵੀ ਭਾਰਤ ਵਿੱਚ ਆਉਣ ਬਾਰੇ ਸੋਚ ਚੁੱਕੀ ਹੈ ਪਰ ਉਦੋਂ ਕੰਪਨੀ ਅਤੇ ਭਾਰਤ ਸਰਕਾਰ ਦਰਮਿਆਨ ਗੱਲ ਨਹੀਂ ਬਣ ਸਕੀ। ਇੱਥੋਂ ਤੱਕ ਕਿ ਕੰਪਨੀ ਨੇ ਆਪਣੇ ਸ਼ੋਅਰੂਮ ਖੋਲ੍ਹਣ ਲਈ ਜੋ ਲੀਜ਼ ਡੀਲ ਕੀਤੀ ਸੀ, ਉਸ ਨੂੰ ਵੀ ਰੱਦ ਕਰ ਦਿੱਤਾ ਪਰ ਹੁਣ ਉਮੀਦ ਬਣਦੀ ਦਿਖਾਈ ਦੇ ਰਹੀ ਹੈ।

ਦਰਅਸਲ ਐਪਲ ਨੇ ਭਾਰਤ ਆ ਕੇ ਪੱਛਮੀ ਦੇਸ਼ਾਂ ’ਚ ਇਹ ਭਰੋਸਾ ਪ੍ਰਗਟਾਇਆ ਹੈ ਕਿ ਉਨ੍ਹਾਂ ਦੇ ਪ੍ਰੋਡਕਟਸ ਦੀ ਮੈਨੂਫੈਕਚਰਿੰਗ ਲਈ ਭਾਰਤ ਚੀਨ ਦਾ ਚੰਗਾ ਬਦਲ ਹੋ ਸਕਦਾ ਹੈ। ਐਪਲ ਦੇ ਭਾਰਤ ’ਚ ਐਂਟਰੀ ਤੋਂ ਪਹਿਲਾਂ ਕੰਪਨੀ ਦੇ ਸੀ. ਈ. ਓ. ਟਿਮ ਕੁੱਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਭਾਰਤ ਆ ਕੇ ਮੁਲਾਕਾਤ ਕੀਤੀ ਸੀ। ਉੱਥੇ ਹੀ ਹਾਲ ਹੀ ’ਚ ਜਦੋਂ ਭਾਰਤ ’ਚ ‘ਐਪਲ ਸਟੋਰ’ ਦੇ ਉਦਘਟਾਨ ਲਈ ਪੁੱਜੇ ਤਾਂ ਵੀ ਉਨ੍ਹਾਂ ਨੇ ਪੀ. ਐੱਮ. ਮੋਦੀ ਨਾਲ ਮੁਲਾਕਾਤ ਕੀਤੀ। ਹੁਣ ਕੁੱਝ ਇਸ ਤਰ੍ਹਾਂ ਦੇ ਸੰਕੇਤ ਐਲਨ ਮਸਕ ਵੀ ਦੇ ਰਹੇ ਹਨ। ਹਾਲ ਹੀ ’ਚ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਭਾਰਤੀ ਖਾਣਾ ਬਟਰ ਚਿਕਨ ਅਤੇ ਨਾਨ ਪਸੰਦ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟਵਿਟਰ ’ਤੇ ਫਾਲੋ ਕਰਨਾ ਵੀ ਸ਼ੁਰੂ ਕੀਤੀ ਹੈ। ਭਾਰਤ ਦੇ ਦੁਨੀਆ ਦੀ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣਨ ’ਤੇ ਵੀ ਉਨ੍ਹਾਂ ਨੇ ਟਵੀਟਰ ਕਰ ਕੇ ਲਿਖਿਆ ਸੀ ‘ਡੈਮੋਗ੍ਰਾਫਿਕਸ ਇਜ਼ ਡੈਸਟਿਨੀ’ ਯਾਨੀ ‘ਆਬਾਦੀ ਬਲ ਹੀ ਡੈਸਟਿਨੀ ਹੈ।’

ਟੈਸਲਾ ਦੇ ਅਧਿਕਾਰੀਆਂ ਦਾ ਭਾਰਤ ਦੌਰਾ
ਇੰਨਾ ਹੀ ਨਹੀਂ ਟੈਸਲਾ ਦੇ ਸੀਨੀਅਰ ਅਧਿਕਾਰੀਆਂ ਦੀ ਇਕ ਟੀਮ 17 ਅਤੇ 18 ਮਈ ਨੂੰ ਭਾਰਤ ਦੇ ਦੌਰੇ ’ਤੇ ਹੈ। ਇੱਥੇ ਉਨ੍ਹਾਂ ਦੀ ਮੁਲਾਕਾਤ ਸਰਕਾਰੀ ਅਧਿਕਾਰੀਆਂ ਨਾਲ ਹੋਣੀ ਹੈ। ਇਸ ਦੌਰਾਨ ਮੈਨੂਫੈਕਚਰਿੰਗ ਲਈ ਕੰਪੋਨੈਂਟਸ ਦੀ ਸਥਾਨਕ ਖ਼ਰੀਦ ਦੇ ਨਿਯਮ ਨੂੰ ਲੈ ਕੇ ਚਰਚਾ ਹੋਣ ਦੀ ਸੰਭਾਵਨਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਵਾਰ ਟੈਸਲਾ ਭਾਰਤ ਸਰਕਾਰ ਦੇ ਅਧਿਕਾਰੀਆਂ ਨਾਲ ਗੱਲਬਾਤ ’ਚ ਇੰਪੋਰਟ ਡਿਊਟੀ ਘੱਟ ਕਰਨ ਨੂੰ ਲੈ ਕੇ ਗੱਲਬਾਤ ਨਹੀਂ ਕਰ ਸਕੀ ਸਗੋਂ ਉਸ ਦੀ ਸਾਰੀ ਗੱਲਬਾਤ ਦਾ ਕੇਂਦਰ ਭਾਰਤ ’ਚ ਨਵਾਂ ਪਲਾਂਟ ਲਗਾਉਣ ਨੂੰ ਲੈ ਕੇ ਹੈ। ਉੱਥੇ ਹੀ ਟੈਸਲਾ ਦੇ ਅਧਿਕਾਰੀਆਂ ਦੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨਾਲ ਵੀ ਚਰਚਾ ਕੀਤੀ ਹੈ।