ਸਹੁਰਿਆਂ ਦਾ ਖਰਚ ਕਰਵਾ ਕੇ ਵਿਦੇਸ਼ ਗਈ ਇਕ ਹੋਰ ਪੰਜਾਬਣ ਮੁੱਕਰੀ 

ਸਹੁਰਿਆਂ ਦਾ ਖਰਚ ਕਰਵਾ ਕੇ ਵਿਦੇਸ਼ ਗਈ ਇਕ ਹੋਰ ਪੰਜਾਬਣ ਮੁੱਕਰੀ 

ਵਿਆਹ ਤੋਂ ਬਾਅਦ ਸਹੁਰਿਆਂ ਦੇ ਖਰਚੇ 'ਤੇ ਵਿਦੇਸ਼ ਚਲੀ ਗਈ ਇਕ ਮੁਟਿਆਰ ਨੇ ਆਪਣੇ ਪਤੀ ਅਤੇ ਸਹੁਰਿਆਂ ਨਾਲ ਸਬੰਧ ਤੋੜ ਲਏ। ਸਹੁਰਿਆਂ ਦਾ ਦੋਸ਼ ਹੈ ਕਿ ਉਨ੍ਹਾਂ ਦੀ ਨੂੰਹ ਨੇ ਉਨ੍ਹਾਂ ਨਾਲ 21 ਲੱਖ 30 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਇਸ ਮਾਮਲੇ 'ਚ ਪੁਲਿਸ ਨੇ ਜਾਂਚ ਤੋਂ ਬਾਅਦ ਦੋਸ਼ੀ ਲੜਕੀ, ਉਸ ਦੇ ਮਾਤਾ-ਪਿਤਾ ਅਤੇ ਭਰਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਥਾਣਾ ਨਿਹਾਲ ਸਿੰਘ ਵਾਲਾ ਦੇ ਸਬ ਇੰਸਪੈਕਟਰ ਅਮਰ ਸਿੰਘ ਨੇ ਦੱਸਿਆ ਕਿ ਗੁਰਸ਼ਰਨ ਸਿੰਘ ਵਾਸੀ ਪਿੰਡ ਖੋਟੇ ਨੇ 27 ਮਾਰਚ 2023 ਨੂੰ ਐੱਸਐੱਸਪੀ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਉਹ ਵਿਦੇਸ਼ ਜਾਣਾ ਚਾਹੁੰਦਾ ਸੀ।

ਉਸ ਦਾ ਚਚੇਰਾ ਭਰਾ ਬਲਜੀਤ ਸਿੰਘ ਵਾਸੀ  ਫਰੀਦਕੋਟ ਦੀ ਸਾਲੀ ਦੀ ਪੁੱਤਰੀ ਰਾਜਪ੍ਰੀਤ ਕੌਰ ਵਾਸੀ ਸਾਦਿਕ ਜ਼ਿਲਾ ਫਰੀਦਕੋਟ ਸਟੱਡੀ ਬੇਸ 'ਤੇ ਕੈਨੇਡਾ ਗਈ ਹੋਈ ਸੀ। ਬਲਜੀਤ ਸਿੰਘ ਨੇ ਉਸ ਨਾਲ ਉਸ ਦੇ ਵਿਆਹ ਦੀ ਗੱਲ ਕੀਤੀ। ਗੁਰਸ਼ਰਨ ਸਿੰਘ ਨੇ ਦੱਸਿਆ ਕਿ ਉਸ ਦਾ ਵਿਆਹ ਰਾਜਪ੍ਰੀਤ ਕੌਰ ਨਾਲ 10 ਮਈ 2019 ਨੂੰ ਹੋਇਆ ਸੀ। ਉਸ ਨੇ ਵਿਆਹ ਤੋਂ ਲੈ ਕੇ ਉਸ ਨੂੰ ਵਿਦੇਸ਼ ਭੇਜਣ ਤੱਕ 23 ਲੱਖ 10 ਹਜ਼ਾਰ ਰੁਪਏ ਖਰਚ ਕੀਤੇ।

ਗੁਰਸ਼ਰਨ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ 10 ਕਨਾਲ ਜ਼ਮੀਨ ਵੇਚ ਕੇ ਪੈਸਿਆਂ ਦਾ ਪ੍ਰਬੰਧ ਕੀਤਾ ਸੀ। ਜਦੋਂਕਿ ਉਸ ਦੀ ਪਤਨੀ ਨੇ ਨਾ ਤਾਂ ਉਸ ਨੂੰ ਬੁਲਾਇਆ ਅਤੇ ਨਾ ਹੀ ਵਿਦੇਸ਼ ਜਾਣ ਤੋਂ ਬਾਅਦ ਉਸ ਨਾਲ ਕੋਈ ਸਬੰਧ ਬਣਾਉਣਾ ਚਾਹੁੰਦੀ ਸੀ। ਉਸ ਨੇ ਆਪਣੇ ਨਾਲ ਹੋਈ ਧੋਖਾਧੜੀ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ।