CM ਭਗਵੰਤ ਮਾਨ ਨੇ ਖਟਕੜ ਕਲਾਂ ਪਹੁੰਚ ਕੇ ਸ਼ਹੀਦ ਭਗਤ ਸਿੰਘ ਹੈਰੀਟੇਜ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ

CM ਭਗਵੰਤ ਮਾਨ ਨੇ ਖਟਕੜ ਕਲਾਂ ਪਹੁੰਚ ਕੇ ਸ਼ਹੀਦ ਭਗਤ ਸਿੰਘ ਹੈਰੀਟੇਜ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਨਵਾਂਸ਼ਹਿਰ ਦਾ ਦੌਰਾ ਕੀਤਾ ਗਿਆ, ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਾਸੀਆਂ ਨੂੰ ਵੱਡੀ ਸੌਗਾਤ ਦਿੰਦੇ ਹੋਏ ਸ਼ਹੀਦ ਭਗਤ ਸਿੰਘ ਦੇ ਜਨਮ ਸਥਾਨ ਖਟਕੜ ਕਲਾਂ ਵਿਚ ਸ਼ਹੀਦ ਭਗਤ ਸਿੰਘ ਹੈਰੀਟੇਜ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ। ਇਹ ਵਿਰਾਸਤੀ ਕੰਪਲੈਕਸ 52 ਕਰੋੜ ਦੀ ਲਾਗਤ ਨਾਲ ਤਿਆਰ ਹੋਣ ਜਾ ਰਿਹਾ ਹੈ। ਇਸ ਮੌਕੇ ਭਗਵੰਤ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਦਾ ਸਨਮਾਨ  ਵੀ ਕੀਤਾ ਗਿਆ। ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਕੰਪਲੈਕਸ ਨਾ ਸਿਰਫ਼ ਭਗਤ ਸਿੰਘ ਦੀ ਸ਼ਹਾਦਤ ਨੂੰ ਯਾਦਗਾਰ ਬਣਾਏਗਾ, ਸਗੋਂ ਨੌਜਵਾਨ ਪੀੜ੍ਹੀ ਨੂੰ ਇਨਕਲਾਬੀ ਚੇਤੇ ਦੀ ਰਾਹ ਵਿਖਾਏਗਾ।ਭਗਤ ਸਿੰਘ ਨੂੰ ਯਾਦ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ 700 ਸੀਟਾਂ ਵਾਲਾ ਏਸੀ ਥੀਏਟਰ ਤਿਆਰ ਕੀਤਾ ਜਾਵੇਗਾ, ਜਿਸ ਵਿਚ ਡਿਜੀਟਲ ਤਰੀਕੇ ਨਾਲ ਜੀਵਨੀ ਵਿਖਾਈ ਜਾਵੇਗੀ। 

ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਤਿਹਾਸਕ ਥਾਵਾਂ ਦੀ ਸੰਭਾਲ ਅਤੇ ਵਧਾਵਾ ਦੇਣ ਲਈ ਵਚਨਬੱਧਤਾ ਨਿਭਾਈ ਜਾ ਰਹੀ ਹੈ। ਇਸ ਕੰਪਲੈਕਸ ਵਿਚ ਸ਼ਹੀਦ ਭਗਤ ਸਿੰਘ ਦੀ ਜ਼ਿੰਦਗੀ, ਉਨ੍ਹਾਂ ਦੀ ਲਿਖਤਾਂ, ਇਨਕਲਾਬੀ ਸਾਥੀਆਂ ਨਾਲ ਜੋੜੀਆਂ ਯਾਦਾਂ ਅਤੇ ਉਨ੍ਹਾਂ ਦੀ ਵਿਰਾਸਤ ਨੂੰ ਉਜਾਗਰ ਕਰਨ ਵਾਲੀ ਪ੍ਰਦਰਸ਼ਨੀ ਬਣਾਈ ਜਾਵੇਗੀ।

       Image

ਮੁੱਖ ਮੰਤਰੀ ਨੇ ਕਿਹਾ ਕਿ ਇਨਸਾਫ਼, ਬਰਾਬਰੀ ਅਤੇ ਇਨਕਲਾਬੀ ਵਿਚਾਰਾਂ ਲਈ ਭਗਤ ਸਿੰਘ ਦੀ ਸਿਖਲਾਈ ਅੱਜ ਵੀ ਉਨੀ ਹੀ ਲਾਗੂ ਹੁੰਦੀ ਹੈ, ਜਿੰਨੀ ਉਹ ਅੰਗਰੇਜ਼ ਰਾਜ ਵਿਚ ਸੀ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨੂੰ ਤੁਰੰਤ ਪੂਰਾ ਕਰਨ ਦੀ ਯੋਜਨਾ ਹੈ ਤਾਂ ਜੋ ਲੋਕ ਜਲਦ ਤੋਂ ਜਲਦ ਇਨ੍ਹਾਂ ਵਿਰਾਸਤੀ ਥਾਵਾਂ ਦੀ ਯਾਤਰਾ ਕਰ ਸਕਣ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਨੂੰ ਲੈ ਕੇ ਬੋਲਦਿਆਂ ਭਗਵੰਤ ਮਾਨ ਨੇ ਕਿਹਾ ਕਿ ਸ਼ਹੀਦੀਆਂ ਦੇ ਕੇ ਸਾਨੂੰ ਆਜ਼ਾਦੀ ਮਿਲੀ ਹੈ। ਆਜ਼ਾਦੀ ਲਈ ਹੁਣ ਬੰਦੂਕ ਦੀ ਨਹੀਂ ਸਗੋਂ ਵੋਟ ਦੀ ਲੋੜ ਹੈ। ਅਜੇ ਆਮ ਲੋਕਾਂ ਤੱਕ ਆਜ਼ਾਦੀ ਨਹੀਂ ਪਹੁੰਚੀ ਹੈ। ਅਸੀਂ ਆਮ ਲੋਕਾਂ ਦੇ ਘਰਾਂ ਤੱਕ ਆਜ਼ਾਦੀ ਪਹੁੰਚਾ ਰਹੇ ਹਾਂ।