ਸੁਸ਼ੀਲ ਰਿੰਕੂ ''ਤੇ CM ਮਾਨ ਨੇ ਵਿੰਨ੍ਹਿਆ ਨਿਸ਼ਾਨਾ ਤੇ ਕਿਹਾ," ਜਲੰਧਰ ਸੀਟ ਜਿੱਤਣਾ ਸਾਡੀ ਪਹਿਲੀ ਤਰਜੀਹ"

ਸੁਸ਼ੀਲ ਰਿੰਕੂ ''ਤੇ CM ਮਾਨ ਨੇ ਵਿੰਨ੍ਹਿਆ ਨਿਸ਼ਾਨਾ ਤੇ ਕਿਹਾ,

ਜਲੰਧਰ ਲੋਕ ਸਭਾ ਸੀਟ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਬੇਹੱਦ ਗੰਭੀਰ ਹਨ। ਪਾਰਟੀ ਆਪਣੀ ਜਿੱਤੀ ਹੋਈ ਸੀਟ ਨੂੰ ਹਰ ਹਾਲ ’ਚ ਦੁਬਾਰਾ ਜਿੱਤਣਾ ਚਾਹੁੰਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਜਲੰਧਰ ’ਚ ਪਾਰਟੀ ਵਿਧਾਇਕਾਂ, ਚੇਅਰਮੈਨਾਂ ਅਤੇ ਵਰਕਰਾਂ ਨਾਲ ਮੀਟਿੰਗ ਕਰਦਿਆਂ ਚੋਣ ਰਣਨੀਤੀ ਬਾਰੇ ਚਰਚਾ ਕੀਤੀ।

ਇਸ ਦੌਰਾਨ ਮਾਨ ਨੇ ਕਿਹਾ ਕਿ ਪਹਿਲਾਂ ਸੰਗਰੂਰ ਲੋਕ ਸਭਾ ਹਲਕਾ ਆਮ ਆਦਮੀ ਪਾਰਟੀ ਦਾ ਗੜ੍ਹ ਹੋਇਆ ਕਰਦਾ ਸੀ। ਹੁਣ ਸੰਗਰੂਰ ਦੇ ਨਾਲ ਜਲੰਧਰ ਵੀ ਜੁੜ ਗਿਆ ਹੈ। ਹੁਣ ਦੋਵੇਂ ਸੀਟਾਂ ਸਾਡੇ ਲਈ ਬੇਹੱਦ ਅਹਿਮ ਹਨ। ਦੋਵਾਂ ’ਤੇ ਸਾਡਾ ਵਿਸ਼ੇਸ਼ ਧਿਆਨ ਹੈ ਅਤੇ ਅਸੀਂ ਜਲੰਧਰ ਨੂੰ ਹਰ ਹਾਲ ’ਚ ਜਿੱਤਣਾ ਹੈ। ਸਾਡੀ ਪਹਿਲੀ ਤਰਜੀਹ ਜਲੰਧਰ ਸੀਟ ਨੂੰ ਹਰ ਹਾਲ ’ਚ ਜਿੱਤਣ ਦੀ ਹੋਣੀ ਚਾਹੀਦੀ ਹੈ। ਇਸ ਲਈ ਸਮੂਹਿਕ ਯਤਨ ਬਹੁਤ ਜ਼ਰੂਰੀ ਹਨ।

ਆਪ’ ਦੇ ਲੋਕ ਸਭਾ ਮੈਂਬਰ ਸੁਸ਼ੀਲ ਰਿੰਕੂ ਦੇ ਪਾਰਟੀ ਛੱਡਣ ’ਤੇ ਮਾਨ ਨੇ ਕਿਹਾ ਕਿ ਸਾਨੂੰ ਉਨ੍ਹਾਂ ’ਤੇ ਧਿਆਨ ਦੇਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਨੇ ਪਾਰਟੀ ਨਾਲ ਗੱਦਾਰੀ ਕੀਤੀ ਹੈ ਅਤੇ ਗੱਦਾਰੀ ਕਰਨ ਵਾਲਿਆਂ ਨੂੰ ਜਨਤਾ ਚੋਣਾਂ ’ਚ ਜਵਾਬ ਦੇਵੇਗੀ। ਉਨ੍ਹਾਂ ਕਿਹਾ ਕਿ ਸੁਸ਼ੀਲ ਰਿੰਕੂ ਨੂੰ ਆਮ ਆਦਮੀ ਪਾਰਟੀ ਨੇ ਸੰਸਦ ਬਣਾਇਆ ਅਤੇ ਪਛਾਣ ਦਿਵਾਈ ਪਰ ਉਨ੍ਹਾਂ ਨੇ ਸਾਡੇ ਨਾਲ ਧੋਖਾ ਕੀਤਾ, ਜਿਸ ਦਾ ਜਵਾਬ ਜਨਤਾ ਦੇਵੇਗੀ।

ਇਸ ਮੌਕੇ ਪੰਜਾਬ ਦੇ ਲੋਕਲ ਬਾਡੀ ਮੰਤਰੀ ਬਲਕਾਰ ਸਿੰਘ, ਸਾਬਕਾ ਵਿਧਾਇਕ ਜਗਬੀਰ ਬਰਾੜ, ਵਿਧਾਇਕ ਰਮਨ ਅਰੋੜਾ, ਚੇਅਰਪਰਸਨ ਰਾਜਵਿੰਦਰ ਕੌਰ ਥਿਆੜਾ, ਚੰਦਨ ਗਰੇਵਾਲ, ਸੀਨੀਅਰ ‘ਆਪ’ ਆਗੂ ਦਿਨੇਸ਼ ਢੱਲ, ਵਰਿੰਦਰ ਸਿੰਘ ਸੋਡੀ, ਮੰਗਲ ਸਿੰਘ, ਅੰਮ੍ਰਿਤਪਾਲ ਸਿੰਘ, ਮੋਹਿੰਦਰ ਭਗਤ ਤੇ ਹੋਰ ਵੀ ਮੌਜੂਦ ਸਨ।