- Updated: October 23, 2023 05:00 PM
ਬਰਨਾਲਾ 'ਚ ਬੀਤੀ ਸ਼ਾਮ ਪੰਜਾਬ ਪੁਲਸ ਦੇ ਹੌਲਦਾਰ ਦਰਸ਼ਨ ਸਿੰਘ ਦਾ ਕਬੱਡੀ ਖਿਡਾਰੀ ਪੰਮਾ ਠੀਕਰੀਵਾਲ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਹੌਲਦਾਰ ਦੇ ਕਤਲ ਮਾਮਲੇ 'ਚ ਮੁੱਖ ਮੰਤਰੀ ਮਾਨ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਇਸ ਮੁਤਾਬਕ ਸਰਕਾਰ ਵੱਲੋਂ ਸਹਾਇਤਾ ਰਾਸ਼ੀ ਵਜੋਂ ਕਤਲ ਕੀਤੇ ਹੌਲਦਾਰ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦਿੱਤੇ ਜਾਣਗੇ। ਇਸ ਬਾਰੇ ਟਵੀਟ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਬਰਨਾਲਾ 'ਚ ਬੀਤੀ ਸ਼ਾਮ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ।
ਇਸ 'ਚ ਪੰਜਾਬ ਪੁਲਸ ਦੇ ਹੌਲਦਾਰ ਦਰਸ਼ਨ ਸਿੰਘ ਜੀ ਦੀ ਮੌਤ ਹੋ ਗਈ। ਪ੍ਰਸ਼ਾਸਨ ਤੇ ਪੁਲਸ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ ਅਤੇ ਦੋਸ਼ੀਆਂ ਨੂੰ ਜਲਦ ਫੜ੍ਹ ਕੇ ਸਖ਼ਤ ਸਜ਼ਾ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਦਰਸ਼ਨ ਸਿੰਘ ਦੇ ਪਰਿਵਾਰ ਨਾਲ ਦਿਲੋਂ ਹਮਦਰਦੀ ਹੈ। ਸਰਕਾਰ ਵੱਲੋਂ ਸਹਾਇਤਾ ਰਾਸ਼ੀ ਵੱਜੋਂ ਇਕ ਕਰੋੜ ਰੁਪਏ ਪਰਿਵਾਰ ਨੂੰ ਦਿੱਤੇ ਜਾਣਗੇ ਅਤੇ ਨਾਲ ਹੀ ਐੱਚ. ਡੀ. ਐੱਫ. ਸੀ. ਬੈਂਕ ਵੱਲੋਂ ਵੀ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਵੱਖਰੇ ਤੌਰ 'ਤੇ ਦਿੱਤੀ ਜਾਵੇਗੀ। ਉਨ੍ਹਾਂ ਨੇ ਬਹਾਦਰ ਪੁਲਸ ਮੁਲਾਜ਼ਮ ਦੇ ਜਜ਼ਬੇ ਨੂੰ ਸਲਾਮ ਕੀਤਾ ਹੈ।

ਕਬੱਡੀ ਖਿਡਾਰੀ ਪੰਮਾ ਠੀਕਰੀਵਾਲ ਆਪਣੇ ਤਿੰਨ ਸਾਥੀਆਂ ਨਾਲ 25 ਏਕੜ ਵਿਖੇ ਇਕ ਚਿਕਨ ਕਾਰਨਰ ’ਤੇ ਸ਼ਰਾਬ ਪੀ ਰਿਹਾ ਸੀ, ਇਸ ਦੌਰਾਨ ਉੱਥੇ ਝਗੜਾ ਹੋ ਗਿਆ। ਜਿਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਮੌਕੇ ’ਤੇ ਹੌਲਦਾਰ ਦਰਸ਼ਨ ਸਿੰਘ ਤਫ਼ਤੀਸ਼ ਕਰਨ ਲਈ ਉੱਥੇ ਪੁੱਜੇ ਤਾਂ ਉਨ੍ਹਾਂ ਦੀ ਕਬੱਡੀ ਖਿਡਾਰੀ ਪੰਮਾ ਅਤੇ ਉਸਦੇ ਸਾਥੀਆਂ ਨਾਲ ਇਸ ਗੱਲ ਨੂੰ ਲੈ ਕੇ ਬਹਿਸ ਹੋ ਗਈ। ਇਸ ਦੌਰਾਨ ਹੌਲਦਾਰ ਉਨ੍ਹਾਂ ਨੂੰ ਥਾਣੇ ਚੱਲਣ ਲਈ ਕਹਿ ਰਹੇ ਸਨ ਤਾਂ ਕਬੱਡੀ ਖਿਡਾਰੀ ਪੰਮਾ ਅਤੇ ਉਸਦੇ ਤਿੰਨ ਸਾਥੀਆਂ ਨੇ ਹੌਲਦਾਰ ਦਰਸ਼ਨ ਸਿੰਘ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਜ਼ਮੀਨ ’ਤੇ ਸੁੱਟ ਲਿਆ। ਇਸ ਕੁੱਟਮਾਰ ਵਿਚ ਹੌਲਦਾਰ ਦਰਸ਼ਨ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।