- Updated: July 30, 2026 05:45 PM
ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਸਰਗਰਮ ਹੋ ਚੁੱਕੀਆਂ ਹਨ। ਇਸੇ ਵਿਚਾਲੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦਾ ਪੰਜਾਬ ਵਿਚ ਬੀਜੇਪੀ ਦੇ ਗਠਜੋੜ ਨੂੰ ਲੈ ਕੇ ਇੱਕ ਬਿਆਨ ਚਰਚਾ ਵਿਚ ਹੈ, ਜਿਸ ਵਿਚ ਉਨ੍ਹਾਂ ਕਿਹਾ ਹਰ ਉਸ ਪਾਰਟੀ ਲਈ ਭਾਜਪਾ ਦੇ ਦਰਵਾਜ਼ੇ ਖੁੱਲ੍ਹੇ ਹਨ ਜੋ PM ਮੋਦੀ ਦੀ ਨੀਤੀ ਨੂੰ ਸਮਰਥਨ ਦੇਵੇ। ਪੰਜਾਬ ਦੀ ਮਜ਼ਬੂਤੀ ਲਈ ਨਾਲ ਆਉਣ ਵਾਲੇ ਦਾ ਸਵਾਗਤ ਹੈ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਪੰਜਾਬ ‘ਚ ਡਬਲ ਇੰਜਣ ਦੀ ਸਰਕਾਰ ਬਣਾਉਣਾ ਹੈ, ਜਿਸ ਤੋਂ ਕਿਆਸ ਲਾਏ ਜਾ ਰਹੇ ਹਨ ਭਾਜਪਾ ਪੰਜਾਬ ਵਿਚ ਗਠਜੋੜ ਕਰਨ ਲਈ ਤਿਆਰ ਹੈ, ਹਾਲਾਂਕਿ CM ਸੈਣੀ ਇਹ ਵੀ ਸਪੱਸ਼ਟ ਕੀਤਾ ਕਿ ਪੰਜਾਬ ਵਿਚ ਕਾਂਗਰਸ ਤੇ ਆਪ ਤੋਂ ਇਲਾਵਾ ਵੀ ਕਈ ਪਾਰਟੀਆਂ ਹਨ।
ਇੱਕ ਇੰਟਰਵਿਊ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਨੂੰ ਲੈ ਕੇ ਸਵਾਲਾਂ ਦੇ ਜਵਾਬ ਵਿਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਕਿਹਾ ਕਿ ਇਹ ਭਾਰਤੀ ਜਨਤਾ ਪਾਰਟੀ ਹੈ। ਸਿਰਫ਼ ਪੰਜਾਬ ਦਾ ਰਹਿਣ ਵਾਲਾ ਹੀ ਮੁੱਖ ਮੰਤਰੀ ਹੋਵੇਗਾ। ਪੰਜਾਬ ਦੇ ਲੋਕ ਉਸਨੂੰ ਚੁਣਨਗੇ। ਉਹ ਪੰਜਾਬ ਨੂੰ ਮਜ਼ਬੂਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੰਮ ਕਰਨਗੇ।

ਪੰਜਾਬ ਵਿਚ ਗਠਜੋੜ ਨੂੰ ਲੈ ਕੇ CM ਸੈਣੀ ਨੇ ਕਿਹਾ ਕਿ ਪੰਜਾਬ ਵਿੱਚ ਸਾਡਾ ਗਠਜੋੜ ਇੱਥੋਂ ਦੇ ਲੋਕਾਂ ਨਾਲ ਹੈ। ਸਾਡਾ ਕਿਸੇ ਹੋਰ ਨਾਲ ਕੋਈ ਗਠਜੋੜ ਨਹੀਂ ਹੈ। ਇੰਨਾ ਜ਼ਰੂਰ ਹੈ ਕਿ ਜੇ ਕੋਈ ਪੰਜਾਬ ਨੂੰ ਮਜ਼ਬੂਤ ਕਰਨ ਦੇ ਏਜੰਡੇ ਨਾਲ ਸਾਡੇ ਨਾਲ ਜੁੜਨਾ ਚਾਹੁੰਦਾ ਹੈ, ਤਾਂ ਉਸਦਾ ਸਵਾਗਤ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਪਾਰਟੀ ਲਈ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਰਹਿਣਗੇ ਜੋ ਪ੍ਰਧਾਨ ਮੰਤਰੀ ਮੋਦੀ ਦੀ “ਵਿਕਸਤ ਭਾਰਤ – ਵਿਕਸਤ ਪੰਜਾਬ” ਨੀਤੀ ਦੇ ਸਮਰਥਨ ਦਿੰਦੇ ਹੋਏ ਪਾਰਟੀ ਵਿਚ ਆਉਣਾ ਚਾਹੇਗੀ। ਸਾਡਾ ਉਦੇਸ਼ ਡਬਲ-ਇੰਜਣ ਸਰਕਾਰ ਬਣਾ ਕੇ ਪੰਜਾਬ ਨੂੰ ਅੱਗੇ ਲਿਜਾਣਾ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਪੰਜਾਬ ਦੇ ਲੋਕਾਂ ਨਾਲ ਬਹੁਤ ਪਿਆਰ ਹੈ। ਜਦੋਂ ਵੀ ਉਹ ਇੱਥੇ ਆਉਂਦੇ ਹਨ ਜਾਂ ਪੰਜਾਬ ਦੇ ਲੋਕ ਉਨ੍ਹਾਂ ਨੂੰ ਮਿਲਣ ਜਾਂਦੇ ਹਨ, ਉਹ ਪੰਜਾਬ ਬਾਰੇ ਪੁੱਛਦੇ ਹਨ। ਹਾਲ ਹੀ ਵਿੱਚ ਪ੍ਰਧਾਨ ਮੰਤਰੀ ਮੋਦੀ ਦੋ ਵਾਰ ਜਲੰਧਰ ਆਏ ਸਨ। ਬਹੁਤ ਸਾਰੇ ਰੇਲਵੇ ਸਟੇਸ਼ਨਾਂ ਦਾ ਆਧੁਨਿਕੀਕਰਨ ਕੀਤਾ ਗਿਆ ਹੈ। ਪੰਜਾਬ ਵਿੱਚ ਭਾਜਪਾ ਸਰਕਾਰ ਬਣਨ ਤੋਂ ਬਾਅਦ, ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਕੋਈ ਕਮੀ ਨਹੀਂ ਰਹੇਗੀ। ਇਹ ਪ੍ਰਧਾਨ ਮੰਤਰੀ ਮੋਦੀ ਦੀ ਗਾਰੰਟੀ ਹੈ।