- Updated: July 14, 2026 11:06 AM
ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਸਮਾਜਿਕ ਕਾਰਕੁਨ ਅਤੇ ਸਾਬਕਾ ਕੌਂਸਲਰ ਪਰਮਿੰਦਰ ਮਹਿਤਾ ਨੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੂੰ ਸ਼ਿਕਾਇਤ ਦੇ ਕੇ ਰਵਨੀਤ ਬਿੱਟੂ ਖ਼ਿਲਾਫ਼ ਹਿੰਦੂ-ਸਿੱਖ ਭਾਈਚਾਰੇ ਵਿੱਚ ਫੁੱਟ ਪਾਊ ਕਾਰਵਾਈ ਕਰਨ ਦੇ ਦੋਸ਼ ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।
ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੂੰ ਦਿੱਤੀ ਸ਼ਿਕਾਇਤ ਵਿੱਚ ਪਰਮਿੰਦਰ ਮਹਿਤਾ ਨੇ ਬਿੱਟੂ ਵੱਲੋਂ ਆਪਣੇ ਸੋਸ਼ਲ ਮੀਡੀਆ ਖਾਤਿਆਂ ’ਤੇ ਕਾਲੇ ਦੌਰ ਦੀਆਂ ਕੁੱਝ ਇਤਰਾਜ਼ਯੋਗ ਤਸਵੀਰਾਂ ਅਪਲੋਡ ਕਰ ਕੇ ਹਿੰਦੂਆਂ ਨੂੰ ਭੜਕਾਉਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਪੁਲਿਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਅੱਤਵਾਦ ਦੇ ਕਾਲੇ ਦੌਰ ਦੌਰਾਨ ਕਈ ਲੋਕਾਂ ਦੀਆਂ ਜਾਨਾਂ ਗਈਆਂ ਸਨ ਪਰ ਅੱਜ ਮੁੜ ਚੋਣਾਂ ਨੂੰ ਦੇਖਦਿਆਂ ਕੁਝ ਲੋਕ ਹਿੰਦੂ ਸਿੱਖਾਂ ਵਿੱਚ ਫੁੱਟ ਪਾਉਣ ਲਈ ਘਟੀਆ ਹਥਕੰਡੇ ਵਰਤ ਰਹੇ ਹਨ।
ਉਨ੍ਹਾਂ ਕਿਹਾ ਕਿ ਕਾਲੇ ਦੌਰ ਦੌਰਾਨ ਕਤਲ ਹੋਏ ਨਿਰਦੋਸ਼ ਲੋਕਾਂ ਦੇ ਪਰਿਵਾਰਾਂ ਨੂੰ ਮਿਲੇ ਜ਼ਖ਼ਮ ਕੁਰੇਦ ਕੇ ਇਹ ਲੋਕ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਯਤਨਸ਼ੀਲ ਹਨ। ਚੋਣਾਂ ਤੋਂ ਪਹਿਲਾਂ ਵਿਵਾਦਿਤ ਫ਼ਿਲਮ ‘ਸਤਲੁਜ’ ਦਾ ਰਿਲੀਜ਼ ਹੋਣਾ ਵੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਿਹਾ ਹੈ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਰਵਨੀਤ ਸਿੰਘ ਬਿੱਟੂ ਘਟੀਆ ਸਿਆਸੀ ਖੇਡ ਖੇਡ ਰਹੇ ਹਨ, ਜਦਕਿ ਉਨ੍ਹਾਂ ਨੂੰ ਇੱਕ ਜ਼ਿੰਮੇਵਾਰ ਅਹੁਦੇ ’ਤੇ ਹੁੰਦਿਆਂ ਅਜਿਹੀਆਂ ਗੱਲਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।