- Updated: July 14, 2026 05:51 PM
ਚੰਡੀਗੜ੍ਹ ਦੇ ਸੈਕਟਰ 52 ਦੇ ਇਕ ਵਿਅਕਤੀ ਦੀ ਸ਼ੱਕੀ ਹਾਲਾਤ ਵਿਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਸਾਹਮਣੇ ਆਉਣ ਤੋਂ ਬਾਅਦ ਮਾਮਲੇ ਨੇ ਇਕ ਨਵਾਂ ਮੋੜ ਲੈ ਲਿਆ ਹੈ। ਫੁਟੇਜ਼ ਵਿਚ ਦੋ ਨੌਜਵਾਨ ਬਾਰਿਸ਼ 'ਚ ਸਾਈਕਲ 'ਤੇ ਲਾਸ਼ ਲਿਜਾਂਦੇ ਵਿਖਾਏ ਗਏ ਹਨ। ਜਦਕਿ ਪੁਲਸ ਨੇ ਮੁੱਢਲੀ ਜਾਂਚ ਦੇ ਆਧਾਰ 'ਤੇ ਇਸ ਨੂੰ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ ਦੱਸਿਆ ਹੈ। ਪਰਿਵਾਰ ਨੇ ਇਸ ਨੂੰ ਕਤਲ ਕਰਾਰ ਦਿੰਦੇ ਹੋਏ ਨਿਰਪੱਖ ਜਾਂਚ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਮ੍ਰਿਤਕ ਦੀ ਪਛਾਣ ਦੀਪਕ (31) ਵਜੋਂ ਹੋਈ ਹੈ।
ਮ੍ਰਿਤਕ ਦੇ ਭਰਾ ਰਾਹੁਲ ਨੇ ਪੁਲਸ ਨੂੰ ਸੌਂਪੇ ਗਏ ਸੀ. ਸੀ. ਟੀ. ਵੀ. ਫੁਟੇਜ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਦੋ ਨੌਜਵਾਨ ਦੀਪਕ ਦੀ ਲਾਸ਼ ਨੂੰ ਸਾਈਕਲ 'ਤੇ ਲੈ ਜਾਂਦੇ ਵੇਖੇ ਗਏ ਹਨ। ਉਸ ਨੇ ਦੋਸ਼ ਲਗਾਇਆ ਹੈ ਕਿ ਦੋਵੇਂ ਆਦਮੀ ਥੋੜ੍ਹੀ ਦੂਰੀ 'ਤੇ ਲਾਸ਼ ਨੂੰ ਸੜਕ ਕਿਨਾਰੇ ਸੁੱਟਣ ਮਗਰੋਂ ਮੌਕੇ ਤੋਂ ਭੱਜ ਗਏ। ਰਾਹੁਲ ਨੇ ਦਾਅਵਾ ਕੀਤਾ ਕਿ ਇਹ ਆਦਮੀ ਦੀਪਕ ਦੀ ਮੌਤ ਲਈ ਜ਼ਿੰਮੇਵਾਰ ਸਨ ਪਰ ਉਨ੍ਹਾਂ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਦੀਪਕ ਦੇ ਪਿਤਾ ਰਮੇਸ਼ ਨੇ ਪੁਲਸ ਦੀ ਓਵਰਡੋਜ਼ ਦੇ ਸ਼ੱਕ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਦੀਪਕ 8 ਜੁਲਾਈ ਦੀ ਰਾਤ ਨੂੰ ਘਰੋਂ ਇਹ ਕਹਿ ਕੇ ਨਿਕਲਿਆ ਸੀ ਕਿ ਉਹ ਪੰਜ ਮਿੰਟਾਂ 'ਚ ਵਾਪਸ ਆ ਜਾਵੇਗਾ ਪਰ ਕਦੇ ਵਾਪਸ ਨਹੀਂ ਆਇਆ।
ਪਰਿਵਾਰ ਨੇ ਅਗਲੇ ਦਿਨ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਮ੍ਰਿਤਕ ਦੇ ਪਿਤਾ ਦਾ ਦੋਸ਼ ਹੈ ਕਿ ਪੁਲਸ ਨੇ ਲਾਸ਼ ਮਿਲਣ ਤੋਂ ਕਈ ਘੰਟੇ ਬਾਅਦ ਪਰਿਵਾਰ ਨੂੰ ਸੂਚਿਤ ਕੀਤਾ। ਉਸ ਨੇ ਮੰਗ ਕੀਤੀ ਕਿ ਜੇਕਰ ਪੁਲਸ ਓਵਰਡੋਜ਼ ਦਾ ਦੋਸ਼ ਲਗਾ ਰਹੀ ਹੈ ਤਾਂ ਉਸ ਨੂੰ ਠੋਸ ਸਬੂਤ ਪ੍ਰਦਾਨ ਕਰਨੇ ਚਾਹੀਦੇ ਹਨ। ਉਸ ਦਾ ਦਾਅਵਾ ਹੈ ਕਿ ਦੀਪਕ ਦੇ ਸਰੀਰ 'ਤੇ ਗੰਭੀਰ ਸੱਟਾਂ ਹਨ ਜੋ ਕਤਲ ਵੱਲ ਇਸ਼ਾਰਾ ਕਰਦੀਆਂ ਹਨ।
ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲਾ ਅਜੇ ਵੀ ਜਾਂਚ ਦੇ ਸ਼ੁਰੂਆਤੀ ਪੜਾਅ 'ਤੇ ਹੈ। ਸ਼ੁਰੂਆਤੀ ਜਾਂਚ 'ਚ ਮੌਤ ਦਾ ਕਾਰਨ ਨਸ਼ੇ ਦੀ ਓਵਰਡੋਜ਼ ਹੋਣ ਦਾ ਸੰਕੇਤ ਹੈ ਪਰ ਪੋਸਟਮਾਰਟਮ ਰਿਪੋਰਟ ਅਤੇ ਫੋਰੈਂਸਿਕ ਜਾਂਚ ਤੋਂ ਬਾਅਦ ਹੀ ਸਹੀ ਕਾਰਨਾਂ ਦਾ ਪਤਾ ਲੱਗ ਸਕੇਗਾ। ਪੁਲਸ ਨੇ ਕਿਹਾ ਕਿ ਸੀ. ਸੀ. ਟੀ. ਵੀ. ਫੁਟੇਜ ਵਿੱਚ ਵਿਖਾਈ ਦੇਣ ਵਾਲੇ ਦੋ ਨੌਜਵਾਨਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਾਂਚ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖ ਕੇ ਅੱਗੇ ਵਧਾਈ ਜਾ ਰਹੀ ਹੈ।