- Updated: July 14, 2026 06:18 PM
ਖੰਨਾ ਵਿਚ ਦੇਰ ਰਾਤ ਕਰੀਬ ਡੇਢ ਵਜੇ ਰੂਪ ਨਗਰ, ਗਲੀ ਨੰਬਰ 2 ਦੇ ਇੱਕ ਘਰ ਵਿੱਚ ਅਣਪਛਾਤੇ ਹਮਲਾਵਰ ਵੜ ਗਏ, ਉਨ੍ਹਾਂ ਨੇ ਪਰਿਵਾਰ ਦੇ ਮੈਂਬਰਾਂ ‘ਤੇ ਹਮਲਾ ਕੀਤਾ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਸਵਿਫਟ ਕਾਰ ਵਿਚ ਸਵਾਰ ਹੋ ਕੇ ਆਏ ਸਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਵਾਰਡ ਕੌਂਸਲਰ ਅਮਨ ਕਟਾਰੀਆ ਨੇ ਦੱਸਿਆ ਕਿ ਲੁਟੇਰੇ ਅਮਨ ਮੋਦੀ ਨਾਂ ਦੇ ਵਿਅਕਤੀ ਦੇ ਘਰ ਵਿੱਚ ਦਾਖਲ ਹੋਏ। ਪਰਿਵਾਰ ਦੇ 22 ਸਾਲਾ ਪੁੱਤਰ ਮੁਤਾਬਕ ਲੁਟੇਰੇ ਪਹਿਲਾਂ ਉਸ ਦੇ ਕਮਰੇ ਵਿੱਚ ਦਾਖਲ ਹੋਏ ਅਤੇ ਉਸ ‘ਤੇ ਹਮਲਾ ਕਰਕੇ ਮਾਰਕੁੱਟ ਸ਼ੁਰੂ ਕਰ ਦਿੱਤੀ। ਰੌਲਾ ਸੁਣ ਕੇ ਉਸ ਦੇ ਮਾਪੇ ਆਪਣੇ ਕਮਰੇ ਵਿੱਚੋਂ ਬਾਹਰ ਆ ਗਏ ਅਤੇ ਲੁਟੇਰਿਆਂ ਨੇ ਉਨ੍ਹਾਂ ਨੂੰ ਬੇਰਹਿਮੀ ਨਾਲ ਕੁੱਟਿਆ। ਇਸ ਦੌਰਾਨ ਦੂਜੇ ਕਮਰੇ ਵਿੱਚ ਬੈਠੇ ਦਾਦਾ-ਦਾਦੀ ਨੇ ਉੱਚੀ-ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਲੁਟੇਰੇ ਮੌਕੇ ਤੋਂ ਭੱਜ ਗਏ। ਹਮਲੇ ਵਿੱਚ ਜ਼ਖਮੀ ਹੋਏ ਪਤੀ-ਪਤਨੀ ਨੂੰ ਇਲਾਜ ਲਈ ਲੁਧਿਆਣਾ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ।
ਸਥਾਨਕ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਰਾਤ ਦੀ ਗਸ਼ਤ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ, ਸੰਵੇਦਨਸ਼ੀਲ ਖੇਤਰਾਂ ਵਿੱਚ ਸੁਰੱਖਿਆ ਵਧਾਉਣ ਅਤੇ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।
ਸਿਟੀ ਪੁਲਿਸ ਸਟੇਸ਼ਨ ਦੇ ਇੰਚਾਰਜ ਤਰਵਿੰਦਰ ਕੁਮਾਰ ਬੇਦੀ ਨੇ ਕਿਹਾ ਕਿ ਉਹ ਹਰ ਪਹਿਲੂ ਦੀ ਜਾਂਚ ਕਰ ਰਹੇ ਹਨ ਅਤੇ ਜਲਦੀ ਹੀ ਕਿਸੇ ਨਤੀਜੇ ‘ਤੇ ਪਹੁੰਚਣਗੇ। ਪੁਲਿਸ ਅਧਿਕਾਰੀ ਅਮਨ ਮੋਦੀ ਅਤੇ ਉਸਦੀ ਪਤਨੀ ਦੇ ਬਿਆਨ ਦਰਜ ਕਰਨ ਲਈ ਲੁਧਿਆਣਾ ਦੇ ਅਪੋਲੋ ਹਸਪਤਾਲ ਗਏ ਹਨ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਡੀਆਈਜੀ ਸੰਦੀਪ ਗੋਇਲ ਦੇਰ ਰਾਤ ਦੋਰਾਹਾ ਵਿੱਚ ਸੁਰੱਖਿਆ ਪ੍ਰਬੰਧਾਂ, ਪੁਲਿਸ ਗਸ਼ਤ ਅਤੇ ਪੁਲਿਸ ਥਾਣਿਆਂ ਦੀ ਜਾਂਚ ਕਰ ਰਹੇ ਸਨ।