- Updated: September 30, 2025 06:37 PM
ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਕਾਂਗਰਸ ਵਿਚ ਸ਼ਾਮਲ ਹੋ ਸਕਦੇ ਹਨ। ਅੱਜ ਉਨ੍ਹਾਂ ਨੇ ਦਿੱਲੀ ਵਿਚ ਕਾਂਗਰਸ ਦੇ ਆਗੂਆਂ ਰਾਹੁਲ ਗਾਂਧੀ ਅਤੇ ਵੇਣੂਗੋਪਾਲ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਹਨ ਕਿ ਉਹ ਜਲਦੀ ਹੀ ਕਾਂਗਰਸ ਵਿਚ ਸ਼ਾਮਲ ਹੋ ਸਕਦੇ ਹਨ। ਅਨਿਲ ਜੋਸ਼ੀ ਅਜੇ ਅਕਾਲੀ ਦਲ ਦੇ ਉਪ ਪ੍ਰਧਾਨ ਹਨ। ਜੋਸ਼ੀ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੀ ਟਿਕਟ 'ਤੇ ਚੋਣ ਵੀ ਲੜ ਚੁੱਕੇ ਹਨ। ਇਹ ਵੀ ਪਤਾ ਲੱਗਾ ਹੈ ਕਿ ਅਨਿਲ ਜੋਸ਼ੀ ਭਲਕੇ 1 ਅਕਤੂਬਰ ਨੂੰ ਕਾਂਗਰਸ ਵਿਚ ਸ਼ਾਮਲ ਹੋ ਸਕਦੇ ਹਨ।
ਇਥੇ ਇਹ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਉਹ ਭਾਜਪਾ ਵਿਚ ਸਨ ਅਤੇ ਭਾਜਪਾ ਦੀ ਟਿਕਟ 'ਤੇ ਅੰਮ੍ਰਿਤਸਰ ਨਾਰਥ ਵਿਧਾਨ ਸਭਾ ਹਲਕੇ ਤੋਂ ਦੋ ਵਾਰ ਵਿਧਾਇਕ ਚੁਣੇ ਗਏ ਸਨ। ਅਕਾਲੀ-ਭਾਜਪਾ ਗਠਜੋੜ ਦੌਰਾਨ ਉਹ ਮੰਤਰੀ ਵੀ ਰਹੇ। ਬਾਅਦ ਵਿਚ ਕਿਸਾਨ ਅੰਦੋਲਨ ਦੌਰਾਨ ਉਨ੍ਹਾਂ ਨੇ ਭਾਜਪਾ ਛੱਡ ਦਿੱਤੀ ਅਤੇ ਅਕਾਲੀ ਦਲ ਵਿਚ ਸ਼ਾਮਲ ਹੋ ਗਏ।