ਕਲਯੁਗੀ ਨੂੰਹ-ਪੁੱਤ ਨੇ ਬਜ਼ੁਰਗ ਮਾਂ ਜਾਨਵਰਾਂ ਵਾਂਗ ਕੁੱਟੀ , ਭੋਰਾ ਵੀ ਤਰਸ ਨਾ ਖਾਧਾ

ਕਲਯੁਗੀ ਨੂੰਹ-ਪੁੱਤ ਨੇ ਬਜ਼ੁਰਗ ਮਾਂ ਜਾਨਵਰਾਂ ਵਾਂਗ ਕੁੱਟੀ , ਭੋਰਾ ਵੀ ਤਰਸ ਨਾ ਖਾਧਾ

ਕਰੋੜਾਂ ਦੀ ਜ਼ਮੀਨ ਅਤੇ ਘਰ ਨੂੰ ਹੜੱਪਣ ਲਈ ਇੱਕ ਪੁੱਤਰ ਨੇ ਆਪਣੀ ਪਤਨੀ ਨਾਲ ਮਿਲ ਕੇ ਆਪਣੀ ਬਜ਼ੁਰਗ ਮਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਜ਼ਖਮੀ ਕਰ ਦਿੱਤਾ। ਉਸਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਪੁਲਸ ਨੂੰ ਮਾਮਲੇ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਕੁੱਟਮਾਰ ਦੀ ਪੂਰੀ ਘਟਨਾ ਘਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਹੈ, ਜਦੋਂ ਕਿ ਇਸ ਤੋਂ ਪਹਿਲਾਂ ਵੀ ਉਕਤ ਪਤੀ-ਪਤਨੀ ਬਜ਼ੁਰਗ ਔਰਤ ਨੂੰ 8 ਵਾਰ ਕੁੱਟ ਚੁੱਕੇ ਹਨ। ਇਸ ਦਾ ਰਿਕਾਰਡ ਥਾਣੇ 'ਚ ਦਰਜ ਹੈ। ਸੀਤੋ ਰੋਡ ਲੂਨਾ ਨਰਸਿੰਗ ਹੋਮ ਦੇ ਸਾਹਮਣੇ ਰਹਿਣ ਵਾਲੇ ਜਗਦੀਸ਼ ਲਾਲ ਦੀ ਪਤਨੀ ਗੁਰਜੀਤ ਕੌਰ (60) ਸਰਕਾਰੀ ਹਸਪਤਾਲ 'ਚ ਇਲਾਜ ਅਧੀਨ ਹੈ। ਉਸ ਨੇ ਦੱਸਿਆ ਕਿ ਉਸਦੇ ਪਤੀ ਦੀ ਮੌਤ ਹੋ ਗਈ ਹੈ ਅਤੇ ਉਸਦੇ ਕੋਲ ਕਰੀਬ 4 ਕਰੋੜ ਰੁਪਏ ਦਾ ਘਰ ਅਤੇ 40 ਏਕੜ ਜ਼ਮੀਨ ਹੈ। ਇਸ ਵਿੱਚੋਂ 5 ਏਕੜ ਜ਼ਮੀਨ ਮੇਰੇ ਨਾਂ 'ਤੇ ਹੈ ਅਤੇ ਬਾਕੀ 35 ਏਕੜ ਜ਼ਮੀਨ ਦੋਹਾਂ ਪੁੱਤਰਾਂ ਦੇ ਨਾਂ 'ਤੇ ਹੈ।

ਵਿਧਵਾ ਔਰਤ ਨੇ ਦੱਸਿਆ ਕਿ ਉਸਦਾ ਵੱਡਾ ਪੁੱਤਰ ਮੰਗਲ ਅਤੇ ਉਸਦੀ ਪਤਨੀ ਡਿੰਪਲ ਉਸਨੂੰ ਮਾਰ ਕੇ ਉਸਦੀ ਜ਼ਮੀਨ ਅਤੇ ਘਰ ਹੜੱਪਣਾ ਚਾਹੁੰਦੇ ਹਨ। ਇਸੇ ਕਰਕੇ ਦੋਹਾਂ ਨੇ ਪਿਛਲੇ 2 ਸਾਲਾਂ 'ਚ 8 ਵਾਰ ਉਸਦੀ ਕੁੱਟਮਾਰ ਕੀਤੀ ਹੈ। ਔਰਤ ਨੇ ਦੱਸਿਆ ਕਿ ਉਹ ਇੱਕ ਮਿਸਤਰੀ ਕੋਲੋਂ ਆਪਣੀ ਰਸੋਈ ਦੀ ਮੁਰੰਮਤ ਕਰਵਾ ਰਹੀ ਸੀ ਤਾਂ ਉਸਦਾ ਪੁੱਤਰ ਅਤੇ ਨੂੰਹ ਨੇ ਉਸਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਸੀ. ਸੀ. ਟੀ. ਵੀ. 'ਚ ਕੈਦ ਹੋਈ ਘਟਨਾ 'ਚ ਉਸਦਾ ਪੁੱਤਰ ਗਲੇ 'ਚ ਸਾਫ਼ਾ ਲੈ ਕੇ ਮਾਤਾ 'ਤੇ ਬੈਠਾ ਦਿਖਾਈ ਦੇ ਰਿਹਾ ਹੈ ਅਤੇ ਉਸਦੀ ਪਤਨੀ ਉਸਨੂੰ ਲਗਾਤਾਰ ਥੱਪੜ ਮਾਰਦੀ ਦਿਖਾਈ ਦੇ ਰਹੀ ਹੈ। ਬਾਅਦ 'ਚ ਕਿਸੇ ਤਰ੍ਹਾਂ ਗੁਆਂਢੀਆਂ ਨੇ ਉਸ ਨੂੰ ਉਨ੍ਹਾਂ ਦੇ ਚੁੰਗਲ ਤੋਂ ਛੁਡਾਇਆ ਅਤੇ ਉਸਨੂੰ ਹਸਪਤਾਲ ਲੈ ਗਏ।

ਪੀੜਤਾ ਨੇ ਕਥਿਤ ਤੌਰ 'ਤੇ ਦੋਸ਼ ਲਗਾਇਆ ਕਿ ਦੋਹਾਂ ਨੇ ਜ਼ਮੀਨ ਅਤੇ ਘਰ 'ਤੇ ਲੱਖਾਂ ਰੁਪਏ ਦਾ ਕਰਜ਼ਾ ਲਿਆ ਹੈ ਅਤੇ ਦੋਵੇਂ ਇਸ ਕਰਜ਼ੇ ਦੇ ਪੈਸਿਆਂ ਨਾਲ ਨਸ਼ੇ ਦਾ ਸੇਵਨ ਕਰਦੇ ਹਨ। ਉਸਨੇ ਇਹ ਵੀ ਦੱਸਿਆ ਕਿ ਉਸਦੀ ਨੂੰਹ ਅਕਸਰ ਸ਼ਰਾਬ ਦੇ ਨਸ਼ੇ 'ਚ ਉਸਦੀ ਕੁੱਟਮਾਰ ਕਰਦੀ ਹੈ। ਉਸਨੇ ਪੁਲਸ ਤੋਂ ਮੰਗ ਕੀਤੀ ਹੈ ਕਿ ਉਸਦੇ ਪੁੱਤਰ ਅਤੇ ਨੂੰਹ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਥਾਣਾ ਨੰਬਰ-1 ਦੇ ਇੰਚਾਰਜ ਪਰਮਜੀਤ ਕੁਮਾਰ ਨੇ ਕਿਹਾ ਕਿ ਜਿਵੇਂ ਹੀ ਉਨ੍ਹਾਂ ਨੂੰ ਐੱਮ. ਐੱਲ. ਆਰ. ਮਿਲੇਗਾ, ਉਹ ਮਾਮਲੇ ਦੀ ਜਾਂਚ ਕਰਨਗੇ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।