8 ਮਹੀਨੇ ਪਹਿਲਾਂ ਕੈਨੇਡਾ ਪੁੱਜੇ ਭਾਰਤੀ ਵਿਦਿਆਰਥੀ ਨਾਲ ਹੋਈ ਅਣਹੋਣੀ

8 ਮਹੀਨੇ ਪਹਿਲਾਂ ਕੈਨੇਡਾ ਪੁੱਜੇ ਭਾਰਤੀ ਵਿਦਿਆਰਥੀ ਨਾਲ ਹੋਈ ਅਣਹੋਣੀ

ਕੈਨੇਡਾ ਤੋਂ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ‘ਚ ਕਰਨਾਲ ਦੇ ਨੌਮਿਤ ਗੋਸਵਾਮੀ (20) ਦੀ ਪੂਲ ਪਾਰਟੀ ਦੌਰਾਨ ਸਵੀਮਿੰਗ ਪੂਲ ‘ਚ ਨਹਾਉਂਦੇ ਸਮੇਂ ਡੁੱਬਣ ਕਾਰਨ ਮੌਤ ਹੋ ਗਈ। 8 ਮਹੀਨੇ ਪਹਿਲਾਂ ਪਿਤਾ ਨੇ ਆਪਣਾ ਪਲਾਟ ਵੇਚ ਕੇ ਬੇਟੇ ਨੂੰ ਸਟੱਡੀ ਵੀਜ਼ੇ ‘ਤੇ ਕੈਨੇਡਾ ਭੇਜਿਆ ਸੀ। ਉਹ ਓਂਟਾਰੀਓ ਸਿਟੀ ਵਿੱਚ ਹੋਟਲ ਮੈਨੇਜਮੈਂਟ ਦਾ ਕੋਰਸ ਕਰ ਰਿਹਾ ਸੀ ਅਤੇ ਪੜ੍ਹਾਈ ਦੌਰਾਨ ਉਹ ਇੱਕ ਰੈਸਟੋਰੈਂਟ ਵਿੱਚ ਕੰਮ ਵੀ ਕਰਦਾ ਸੀ। 11 ਅਗਸਤ ਦੀ ਰਾਤ ਨੂੰ ਨੌਮਿਤ ਪੁੱਤਰ ਸੁਭਾਸ਼ ਕੈਨੇਡਾ ‘ਚ ਆਪਣੇ ਇਕ ਦੋਸਤ ਦੀ ਪੂਲ ਪਾਰਟੀ ‘ਚ ਗਿਆ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਰਾਤ ਕਰੀਬ 8.30 ਵਜੇ ਨੌਮਿਤ ਇਕੱਲਾ ਹੀ ਸਵੀਮਿੰਗ ਪੂਲ ਵਿਚ ਨਹਾਉਣ ਗਿਆ ਸੀ।

ਸ਼ੁਰੂ ਵਿੱਚ ਉਹ ਘੱਟ ਡੂੰਘਾਈ ਵਿੱਚ ਸੀ ਪਰ ਅਚਾਨਕ ਉਹ ਡੂੰਘਾਈ ਵਿੱਚ ਪਹੁੰਚ ਗਿਆ। ਘਟਨਾ ਸਮੇਂ ਉਸ ਦੇ ਹੋਰ ਦੋਸਤ ਹਾਲ ਦੇ ਅੰਦਰ ਇੱਕ ਪਾਰਟੀ ਵਿੱਚ ਸਨ। ਇੱਕ ਦੋਸਤ ਦਾ ਧਿਆਨ ਨੌਮਿਤ 'ਤੇ ਪਿਆ। ਨੌਮਿਤ ਪਾਣੀ ਵਿੱਚ ਡੁੱਬ ਗਿਆ ਸੀ। ਜਿਸ ਤੋਂ ਬਾਅਦ ਉਸ ਦੇ ਦੋਸਤਾਂ ਨੇ ਪਾਣੀ ਵਿੱਚ ਛਾਲ ਮਾਰ ਕੇ ਉਸ ਨੂੰ ਬਾਹਰ ਕੱਢਿਆ। ਐਂਬੂਲੈਂਸ ਵੀ ਤੁਰੰਤ ਪਹੁੰਚ ਗਈ। ਐਂਬੂਲੈਂਸ ‘ਚ ਹੀ ਨੌਮਿਤ ਨੂੰ ਸੀ.ਪੀ.ਆਰ. ਦਿੱਤੀ ਗਈ ਤਾਂ ਉਸ ਦੇ ਢਿੱਡ ‘ਚੋਂ ਪਾਣੀ ਨਿਕਲਿਆ ਪਰ ਉਸ ਦੇ ਸਰੀਰ ‘ਚ ਕੋਈ ਹਿੱਲਜੁਲ ਨਹੀਂ ਹੋਈ, ਜਿਸ ਕਾਰਨ ਨੌਮਿਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਨੌਮਿਤ ਦੇ ਇਕ ਰਿਸ਼ਤੇਦਾਰ ਨੇ ਦੱਸਿਆ ਕਿ ਪਰਿਵਾਰ ਨੇ ਆਪਣਾ ਪਲਾਟ ਵੇਚ ਕੇ ਨੌਮਿਤ ਨੂੰ ਕੈਨੇਡਾ ਭੇਜਿਆ ਸੀ ਅਤੇ ਕਰੀਬ 23 ਲੱਖ ਰੁਪਏ ਖਰਚ ਕੀਤੇ ਸਨ। ਕਰੀਬ ਡੇਢ ਮਹੀਨਾ ਪਹਿਲਾਂ ਨੌਮਿਤ ਨੂੰ ਓਂਟਾਰੀਓ ਦੇ ਇੱਕ ਰੈਸਟੋਰੈਂਟ ਵਿੱਚ ਨੌਕਰੀ ਵੀ ਮਿਲ ਗਈ ਸੀ। ਉਹ ਪੜ੍ਹਾਈ ਦੇ ਨਾਲ-ਨਾਲ ਕੰਮ ਵੀ ਕਰ ਰਿਹਾ ਸੀ।

ਪਰਿਵਾਰਕ ਮੈਂਬਰਾਂ ਅਨੁਸਾਰ ਨੌਮਿਤ ਦੇ ਪਿਤਾ ਸਾਬਣ ਫੈਕਟਰੀ ਵਿੱਚ ਸੇਲਜ਼ਮੈਨ ਵਜੋਂ ਕੰਮ ਕਰਦੇ ਹਨ। ਨੌਮਿਤ ਦਾ ਛੋਟਾ ਭਰਾ ਗਗਨ ਕਰਨਾਲ ਵਿੱਚ 10ਵੀਂ ਜਮਾਤ ਦਾ ਵਿਦਿਆਰਥੀ ਹੈ। 12 ਅਗਸਤ ਨੂੰ ਜਦੋਂ ਕੈਨੇਡਾ ਤੋਂ ਇੱਕ ਦੂਰ ਦੇ ਰਿਸ਼ਤੇਦਾਰ ਨੇ ਨੌਮਿਤ ਦੀ ਮੌਤ ਦੀ ਸੂਚਨਾ ਦਿੱਤੀ ਤਾਂ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ। ਨੌਮਿਤ ਇੱਕ ਸਧਾਰਨ ਜਿਹਾ ਮੁੰਡਾ ਸੀ। ਉਹ ਸਿਰਫ਼ ਆਪਣੇ ਕੰਮ ਅਤੇ ਪੜ੍ਹਾਈ ‘ਤੇ ਹੀ ਧਿਆਨ ਦਿੰਦਾ ਸੀ। ਪੋਸਟਮਾਰਟਮ ਤੋਂ ਬਾਅਦ ਰਿਪੋਰਟ ਆਵੇਗੀ। ਰਿਪੋਰਟ ਆਉਣ ਤੋਂ ਬਾਅਦ ਲਾਸ਼ ਨੂੰ ਭਾਰਤ ਲਿਆਉਣ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਰਿਵਾਰ ਦੀ ਆਰਥਿਕ ਹਾਲਤ ਵੀ ਠੀਕ ਨਹੀਂ ਹੈ, ਕਿਉਂਕਿ ਪਿਤਾ ਨੇ ਆਪਣਾ ਪਲਾਟ ਵੇਚ ਕੇ ਬੇਟੇ ਨੂੰ ਸਟੱਡੀ ਵੀਜ਼ੇ ‘ਤੇ ਕੈਨੇਡਾ ਭੇਜਿਆ ਸੀ। ਗੋ ਫੰਡ ਮੀ ਵੈੱਬਸਾਈਟ ਰਾਹੀਂ ਫੰਡ ਇਕੱਠੇ ਕੀਤੇ ਜਾ ਰਹੇ ਹਨ ਤਾਂ ਜੋ ਨੌਮਿਤ ਦੀ ਦੇਹ ਨੂੰ ਭਾਰਤ ਲਿਆਂਦਾ ਜਾ ਸਕੇ ਅਤੇ 20 ਸਾਲਾ ਨੌਮਿਤ ਨੂੰ ਉਸ ਦੇ ਪਰਿਵਾਰ ਦੇ ਹੱਥੋਂ ਅੰਤਿਮ ਵਿਦਾਈ ਦਿੱਤੀ ਜਾ ਸਕੇ।