ਕੇਂਦਰੀ ਮੰਤਰੀ ਨੇ ਸੋਸ਼ਲ ਮੀਡੀਆ ਮੰਚਾਂ ਨੂੰ ਡੀਪਫੇਕ ਵੀਡੀਉਜ਼ ਵਿਰੁਧ ਚੇਤਾਵਨੀ ਦਿਤੀ। 

ਕੇਂਦਰੀ ਮੰਤਰੀ ਨੇ ਸੋਸ਼ਲ ਮੀਡੀਆ ਮੰਚਾਂ ਨੂੰ ਡੀਪਫੇਕ ਵੀਡੀਉਜ਼ ਵਿਰੁਧ ਚੇਤਾਵਨੀ ਦਿਤੀ। 

ਕੇਂਦਰੀ ਸੂਚਨਾ ਤਕਨਾਲੋਜੀ (ਆਈ.ਟੀ.) ਮੰਤਰੀ ਅਸ਼ਵਨੀ ਵੈਸ਼ਨਵ ਨੇ ਸ਼ਨਿਚਰਵਾਰ ਨੂੰ ਕਿਹਾ ਹੈ ਕਿ ਸਰਕਾਰ ਜਲਦ ਹੀ ਡੀਪਫੇਕ ਮੁੱਦੇ ’ਤੇ ਸੋਸ਼ਲ ਮੀਡੀਆ ਮੰਚਾਂ ਨਾਲ ਚਰਚਾ ਕਰੇਗੀ ਅਤੇ ਜੇਕਰ ਮੰਚਾਂ ਨੇ ਇਸ ਬਾਬਤ ਢੁਕਵੇਂ ਕਦਮ ਨਹੀਂ ਚੁਕੇ ਤਾਂ ਉਨ੍ਹਾਂ ਨੂੰ ਆਈ.ਟੀ. ਐਕਟ ਦੇ ਤਹਿਤ ‘ਸੇਫ ਹਾਰਬਰ’ ਛੋਟ ਧਾਰਾ ਦੇ ਤਹਿਤ ਸੁਰੱਖਿਅਤ ਨਹੀਂ ਕੀਤਾ ਜਾਵੇਗਾ।

ਵੀਡੀਉ ’ਚ ਕਿਸੇ ਵਿਅਕਤੀ ਦੇ ਚਿਹਰੇ ਜਾਂ ਸਰੀਰ ਨੂੰ ਡਿਜੀਟਲ ਰੂਪ ’ਚ ਬਦਲਣ ਨੂੰ ਡੀਪਫੇਕ ਕਿਹਾ ਜਾਂਦਾ ਹੈ। ਮਸ਼ੀਨ ਲਰਨਿੰਗ ਅਤੇ ਬਨਾਉਟੀ ਬੁੱਧੀ (ਏ.ਆਈ.) ਨਾਲ ਬਣੇ ਇਹ ਵੀਡੀਉ ਕਿਸੇ ਨੂੰ ਵੀ ਆਸਾਨੀ ਨਾਲ ਧੋਖਾ ਦੇ ਸਕਦੇ ਹਨ। ਵੈਸ਼ਨਵ ਨੇ ਪੱਤਰਕਾਰਾਂ ਨੂੰ ਦਸਿਆ ਕਿ ਸਰਕਾਰ ਨੇ ਹਾਲ ਹੀ ’ਚ ਡੀਪਫੇਕ ਮੁੱਦੇ ’ਤੇ ਕੰਪਨੀਆਂ ਨੂੰ ਨੋਟਿਸ ਜਾਰੀ ਕੀਤਾ ਸੀ ਅਤੇ ਮੰਚਾਂ ਨੇ ਜਵਾਬ ਵੀ ਦਿਤਾ ਸੀ। ਉਨ੍ਹਾਂ ਕਿਹਾ ਪਰ ਕੰਪਨੀਆਂ ਨੂੰ ਅਜਿਹੀ ਸਮੱਗਰੀ ਵਿਰੁਧ ਕਾਰਵਾਈ ਕਰਨ ਲਈ ਵਧੇਰੇ ਹਮਲਾਵਰ ਹੋਣਾ ਪਵੇਗਾ।

ਵੈਸ਼ਨਵ ਨੇ ਪੱਤਰਕਾਰਾਂ ਨੂੰ ਕਿਹਾ, ‘‘ਉਹ ਕਦਮ ਚੁੱਕ ਰਹੇ ਹਨ…ਪਰ ਅਸੀਂ ਮਹਿਸੂਸ ਕਰਦੇ ਹਾਂ ਕਿ ਹੋਰ ਵੀ ਕਈ ਕਦਮ ਚੁੱਕੇ ਜਾਣ ਦੀ ਲੋੜ ਹੈ। ਅਤੇ ਅਸੀਂ ਬਹੁਤ ਜਲਦੀ ਸਾਰੇ ਮੰਚਾਂ ਨਾਲ ਮੀਟਿੰਗ ਕਰਨ ਜਾ ਰਹੇ ਹਾਂ। ਅਸੀਂ ਉਨ੍ਹਾਂ ਨੂੰ ਇਸ ’ਤੇ ਵਿਚਾਰ-ਮੰਥਨ ਲਈ ਸੱਦਾਂਗੇ ਅਤੇ ਇਹ ਯਕੀਨੀ ਬਣਾਵਾਂਗੇ ਕਿ ਮੰਚ ਇਸ ਨੂੰ ਰੋਕਣ ਲਈ ਕਾਫੀ ਕੰਮ ਕਰਨ ਅਤੇ ਅਪਣੇ ਤੰਤਰ ਨੂੰ ਸਾਫ਼ ਕਰਨ।’’ ਇਹ ਪੁੱਛੇ ਜਾਣ ’ਤੇ ਕਿ ਕੀ ਮੈਟਾ ਅਤੇ ਗੂਗਲ ਵਰਗੇ ਵੱਡੇ ਮੰਚਾਂ ਨੂੰ ਸਦਿਆ ਜਾਵੇਗਾ, ਮੰਤਰੀ ਨੇ ਸਾਕਾਰਾਤਮਕ ਜਵਾਬ ਦਿਤਾ। ਵੈਸ਼ਨਵ ਨੇ ਇਹ ਵੀ ਸਪੱਸ਼ਟ ਕੀਤਾ ਕਿ ਮੰਚਾਂ ਨੂੰ ਮੌਜੂਦਾ ਆਈ.ਟੀ. ਐਕਟ ਦੇ ਤਹਿਤ ‘ਸੁਰੱਖਿਅਤ ਹਾਰਬਰ ਛੋਟ’ ਉਦੋਂ ਤਕ ਲਾਗੂ ਨਹੀਂ ਹੋਵੇਗੀ ਜਦੋਂ ਤਕ ਉਹ ਲੋੜੀਂਦੀ ਕਾਰਵਾਈ ਨਹੀਂ ਕਰਦੇ।

ਇਸ ਤੋਂ ਪਹਿਲਾਂ ਸ਼ੁਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੇਤਾਵਨੀ ਦਿਤੀ ਸੀ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਰਾਹੀਂ ਬਣਾਏ ਗਏ ਡੀਪਫੇਕ ਇਕ ਵੱਡਾ ਸੰਕਟ ਪੈਦਾ ਕਰ ਸਕਦੇ ਹਨ ਅਤੇ ਸਮਾਜ ’ਚ ਅਸੰਤੁਸ਼ਟੀ ਪੈਦਾ ਕਰ ਸਕਦੇ ਹਨ। ਉਨ੍ਹਾਂ ਮੀਡੀਆ ਨੂੰ ਇਸ ਦੀ ਦੁਰਵਰਤੋਂ ਬਾਰੇ ਜਾਗਰੂਕ ਕਰਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਦੀ ਅਪੀਲ ਕੀਤੀ। ਹਾਲ ਹੀ ’ਚ, ਪ੍ਰਮੁੱਖ ਅਦਾਕਾਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਈ ਡੀਪਫੇਕ ਵੀਡੀਉ ਵਾਇਰਲ ਹੋਏ, ਜਿਸ ਨਾਲ ਗੁੱਸਾ ਫੈਲ ਗਿਆ ਸੀ।