- Updated: November 14, 2023 12:06 PM
ਡੇਰਾ ਬਾਬਾ ਭਗਤ ਰਾਮ ਪਿੰਡ ਦਾਨ ਸਿੰਘ ਵਾਲਾ ਵਿਖੇ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਡੇਰਾ ਬਾਬਾ ਭਗਤ ਰਾਮ ਜਿਸ ਦੇ ਬਾਬਾ ਬਖਤੌਰ ਦਾਸ ਮੁਖੀ ਹਨ, ਇਸ ਡੇਰੇ ਵਿਚ 29 ਅਕਤੂਬਰ ਤੋਂ 28 ਨਵੰਬਰ ਤਕ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਚੱਲ ਰਹੀ ਹੈ। ਇਸ ਪ੍ਰੋਗਰਾਮ ਦੌਰਾਨ ਲੋਕਾਂ ਨੇ ਗ੍ਰੰਥੀ ਧਰਮ ਸਿੰਘ ਵਾਸੀ ਮਾਨਾਵਾਲਾ ਜ਼ਿਲ੍ਹਾ ਸੰਗਰੂਰ ਨੇੜੇ ਸ਼ਰਾਬ ਦੀ ਬੋਤਲ ਦੇਖੀ ਅਤੇ ਇਸ ਦੀ ਸੂਚਨਾ ਤਖ਼ਤ ਸ੍ਰੀ ਦਮਦਮਾ ਸਹਿਬ ਤਲਵੰਡੀ ਸਾਬੋ ਦੇ ਪੰਜ ਪਿਆਰਿਆਂ ਨੂੰ ਦਿੱਤੀ।
ਜਦੋਂ ਉਕਤ ਪਰਿਵਾਰ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਆਏ 5 ਪਿਆਰਿਆਂ ਦੀ ਹਾਜ਼ਰੀ ਵਿਚ ਡੇਰੇ ਦੀ ਤਲਾਸ਼ੀ ਲਈ ਗਈ ਤਾਂ ਡੇਰੇ ਦੇ ਕਮਰੇ ਵਿਚ ਪਏ ਇਕ ਟਰੰਕ ਵਿਚੋਂ ਫਟੇ ਹੋਏ ਗੁਟਕਾ ਸਾਹਿਬ ਮਿਲੇ, ਜਿਨ੍ਹਾਂ ਉਪਰ ਜੁੱਤੀਆਂ ਰੱਖੀਆਂ ਹੋਈਆਂ ਸਨ।ਭੜਕੇ ਲੋਕਾਂ ਨੇ ਮੁਲਜ਼ਮਾਂ ਨੂੰ ਬੁਰੀ ਤਰ੍ਹਾਂ ਕੁੱਟਿਆ। ਪੁਲਿਸ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਆਰੋਪੀਆਂ ਨੂੰ ਲੋਕਾਂ ਤੋਂ ਛੁਡਵਾਇਆ। 3 ਮੁਲਜ਼ਮਾਂ ਚੋਂ 2 ਕਾਬੂ, ਇੱਕ ਫ਼ਰਾਰ: ਇਸ ਉੱਤੇ ਥਾਣਾ ਨੇਹੀਆਂ ਵਾਲਾ ਦੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਡੇਰੇ ਦੇ ਮਹੰਤ ਬਖਤੌਰ ਦਾਸ, ਪਾਠੀ ਬਿੱਟੂ ਸਿੰਘ ਅਬਲੂ ਅਤੇ ਇੱਕ ਹੋਰ ਪਾਠੀ ਜੋ ਧੂਰੀ ਦਾ ਰਹਿਣ ਵਾਲਾ ਹੈ, ਉੱਤੇ ਗੁਟਕਾ ਸਾਹਿਬ ਦੀ ਬੇਅਦਬੀ ਸਬੰਧੀ ਬਣਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਇਨ੍ਹਾਂ ਤਿੰਨਾਂ ਮੁਲਜ਼ਮਾਂ ਚੋਂ ਦੋ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਇੱਕ ਫ਼ਰਾਰ ਹੈ।