ਢੀਂਡਸਾ ਦਾ ਟਿਕਟ ਕੱਟੇ ਜਾਣ ਤੋਂ ਬਾਅਦ ਭਾਜਪਾ ''ਚ ਜਾਣ ਦੀਆਂ ਚਰਚਾਵਾਂ ''ਤੇ ਆਇਆ ਬਿਆਨ

ਢੀਂਡਸਾ ਦਾ ਟਿਕਟ ਕੱਟੇ ਜਾਣ ਤੋਂ ਬਾਅਦ ਭਾਜਪਾ ''ਚ ਜਾਣ ਦੀਆਂ ਚਰਚਾਵਾਂ ''ਤੇ ਆਇਆ ਬਿਆਨ

ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਗਰੂਰ ਤੋਂ ਪਰਮਿੰਦਰ ਸਿੰਘ ਢੀਂਡਸਾ ਨੂੰ ਟਿਕਟ ਨਾ ਦਿੱਤੇ ਜਾਣ ਤੋਂ ਬਾਅਦ ਨਾਰਾਜ਼ ਚੱਲ ਰਹੇ ਢੀਂਡਸਾ ਪਰਿਵਾਰ ਨੇ ਅਕਾਲੀ ਦਲ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਦੀ ਚਰਚਾਵਾਂ 'ਤੇ ਰੋਕ ਲਗਾ ਦਿੱਤੀ ਹੈ। ਸੁਖਦੇਵ ਸਿੰਘ ਢੀਂਡਸਾ ਨੇ ਆਖਿਆ ਹੈ ਕਿ ਉਹ ਨਾ ਤਾਂ ਕਿਸੇ ਹੋਰ ਪਾਰਟੀ ਵਿਚ ਜਾ ਰਹੇ ਹਨ ਅਤੇ ਨਾ ਹੀ ਟਿਕਟ ਲੈ ਰਹੇ ਹਨ। ਉਹ ਅਕਾਲੀ ਸਨ ਅਤੇ ਅਕਾਲੀ ਹੀ ਰਹਿਣਗੇ। ਹਾਲਾਂਕਿ ਦੱਸਿਆ ਜਾ ਰਿਹਾ ਕਿ ਢੀਂਡਸਾ ਪਰਿਵਾਰ ਟਿਕਟ ਨਾ ਮਿਲਣ ਕਾਰਨ ਪਾਰਟੀ ਪ੍ਰਧਾਨ ਤੋਂ ਨਿਰਾਸ਼ ਹੈ। ਇਹ ਵੀ ਚਰਚਾ ਚੱਲ ਰਹੀ ਸੀ ਕਿ ਢੀਂਡਸਾ ਪਰਿਵਾਰ ਕਿਸੇ ਹੋਰ ਪਾਰਟੀ ਵਿਚ ਸ਼ਾਮਲ ਹੋ ਸਕਦਾ ਹੈ, ਅਤੇ ਭਾਜਪਾ ਵੱਲੋਂ ਪਰਮਿੰਦਰ ਢੀਂਡਸਾ ਨੂੰ ਸੰਗਰੂਰ ਤੋਂ ਚੋਣ ਲੜਨ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਹੁਣ ਸੁਖਦੇਵ ਸਿੰਘ ਢੀਂਡਸਾ ਨੇ ਇਨ੍ਹਾਂ ਸਾਰੀਆਂ ਅਟਕਲਾਂ 'ਕੇ ਵਿਰਾਮ ਲਗਾ ਦਿੱਤਾ ਹੈ।

ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਗਰੂਰ ਹਲਕੇ ਤੋਂ ਪਰਮਿੰਦਰ ਸਿੰਘ ਢੀਂਡਸਾ ਦੀ ਟਿਕਟ ਕੱਟੇ ਜਾਣ ਤੋਂ ਢੀਂਡਸਾ ਦੇ ਨੇੜਲਿਆਂ ’ਚ ਮਾਯੂਸੀ ਛਾ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੰਗਰੂਰ ਤੋਂ ਇਕਬਾਲ ਸਿੰਘ ਝੂੰਦਾਂ ਨੂੰ ਟਿਕਟ ਦੇ ਕੇ ਸਿਆਸੀ ਦਾਅ ਖੇਡ ਦਿੱਤਾ ਹੈ। ਦੂਜੇ ਪਾਸੇ ਟਿਕਟ ਕੱਟੇ ਜਾਣ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਨੇ ਇਹ ਵੀ ਕਿਹਾ ਹੈ ਕਿ ਹਰਸਿਮਰਤ ਕੌਰ ਬਾਦਲ ਨੂੰ ਜਿਤਾਉਣ ਖ਼ਾਤਰ ਸੌਦਾ ਕੀਤਾ ਗਿਆ ਹੈ ਜਿਸ ਕਰ ਕੇ ਪਰਮਿੰਦਰ ਢੀਂਡਸਾ ਦੀ ਟਿਕਟ ਕੱਟੀ ਗਈ ਹੈ। ਸੂਤਰ ਦੱਸਦੇ ਹਨ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਿਕਟ ਦੇ ਐਲਾਨ ਤੋਂ ਪਹਿਲਾਂ ਅਤੇ ਮਗਰੋਂ ਵੀ ਢੀਂਡਸਾ ਪਰਿਵਾਰ ਨਾਲ ਕੋਈ ਸੰਪਰਕ ਨਹੀਂ ਕੀਤਾ।