ਸਪਾ ਸੈਂਟਰ ਦੀ ਆੜ ''ਚ ਚੱਲ ਰਿਹਾ ਸੀ ਗੰਦਾ ਧੰਦਾ, ਪੁਲਸ ਨੇ ਮਾਰੀ ਰੇਡ

ਸਪਾ ਸੈਂਟਰ ਦੀ ਆੜ ''ਚ ਚੱਲ ਰਿਹਾ ਸੀ ਗੰਦਾ ਧੰਦਾ, ਪੁਲਸ ਨੇ ਮਾਰੀ ਰੇਡ

ਬਾਘਾ ਪੁਰਾਣਾ ਕੋਟਪੁਰਾ ਰੋਡ ‘ਤੇ ਚੱਲ ਰਹੇ ਇਕ ਕਥਿਤ ਗੋਲਡਨ ਸਪਾ ਸੈਂਟਰ ‘ਤੇ ਪੁਲਸ ਨੇ ਛਾਪੇਮਾਰੀ ਕਰ ਕੇ ਦੇਹ ਵਪਾਰ ਦੇ ਗੈਰਕਾਨੂੰਨੀ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਇਹ ਕਾਰਵਾਈ ਲੰਮੇ ਸਮੇਂ ਤੋਂ ਮਿਲ ਰਹੀਆਂ ਸ਼ਿਕਾਇਤਾਂ ਦੇ ਆਧਾਰ ‘ਤੇ ਕੀਤੀ ਗਈ।

ਥਾਣਾ ਸਮਾਲਸਰ ਦੇ ਐੱਸਐੱਚਓ ਮੰਗਲ ਸਿੰਘ ਦੀ ਅਗਵਾਈ ਹੇਠ, ਇੰਸਪੈਕਟਰ ਕੁਲਵਿੰਦਰ ਕੌਰ ਸਮੇਤ ਪੁਲਸ ਟੀਮ ਨੇ ਮੌਕੇ ‘ਤੇ ਰੇਡ ਕੀਤੀ। ਛਾਪੇ ਦੌਰਾਨ ਸਪਾ ਸੈਂਟਰ ਵਿੱਚੋਂ 4 ਲੜਕੀਆਂ ਨੂੰ ਬਰਾਮਦ ਕੀਤਾ ਗਿਆ, ਜਿਨ੍ਹਾਂ ਨੂੰ ਸਪਾ ਦੇ ਨਾਂ ‘ਤੇ ਜਿਸਮਫਰੋਸ਼ੀ ਲਈ ਵਰਤਿਆ ਜਾ ਰਿਹਾ ਸੀ। ਇਸ ਦੌਰਾਨ ਮੌਕੇ ‘ਤੇ ਮੌਜੂਦ ਇੱਕ ਨੌਜਵਾਨ ਨੂੰ ਵੀ ਕਾਬੂ ਕੀਤਾ ਗਿਆ। ਸਪਾ ਸੈਂਟਰ ਦਾ ਮਾਲਕ ਸਤਨਾਮ ਸਿੰਘ ਵਾਸੀ ਪੰਜਗਰਾਈ ਕਲਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਉਸ ਦੀ ਕਾਰ ਵੀ ਜ਼ਬਤ ਕੀਤੀ ਹੈ।

ਰੇਡ ਦੌਰਾਨ ਕੁਝ ਇਤਰਾਜ਼ਯੋਗ ਸਮਾਨ ਅਤੇ 4 ਮੋਬਾਈਲ ਫੋਨ ਵੀ ਬਰਾਮਦ ਕਰਕੇ ਕਬਜ਼ੇ ਵਿੱਚ ਲਏ ਗਏ ਹਨ। ਇਸ ਮਾਮਲੇ ਵਿੱਚ ਇਮੋਰਲ ਟਰੈਫਿਕ ਪ੍ਰੀਵੇਂਸ਼ਨ ਐਕਟ 1956 ਦੀਆਂ ਧਾਰਾਵਾਂ 3, 4, 5 ਅਤੇ 7 ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁਕੱਦਮਾ ਨੰਬਰ 86 ਮਿਤੀ 9 ਅਪ੍ਰੈਲ ਦੇ ਤਹਿਤ ਦਰਜ ਕਰਕੇ ਅਗਲੀ ਜਾਂਚ ਇੰਸਪੈਕਟਰ ਕੁਲਵਿੰਦਰ ਕੌਰ ਵੱਲੋਂ ਕੀਤੀ ਜਾ ਰਹੀ ਹੈ। ਪੁਲਸ ਮੁਤਾਬਕ, ਇੱਥੇ ਲੜਕੀਆਂ ਆਉਣ-ਜਾਣ ਵਾਲੀਆਂ ਸਨ ਜੋ ਕੁਝ ਦਿਨ ਕੰਮ ਕਰਨ ਤੋਂ ਬਾਅਦ ਬਦਲ ਦਿੱਤੀਆਂ ਜਾਂਦੀਆਂ ਸਨ, ਜਦਕਿ ਇੱਕ ਲੜਕੀ ਸਥਾਈ ਤੌਰ ‘ਤੇ ਰਿਸੈਪਸ਼ਨ ਦਾ ਕੰਮ ਕਰ ਰਹੀ ਸੀ। ਪੁਲਸ ਨੇ ਸਖ਼ਤ ਚਿਤਾਵਨੀ ਦਿੱਤੀ ਹੈ ਕਿ ਇਸ ਤਰ੍ਹਾਂ ਦੇ ਗੈਰਕਾਨੂੰਨੀ ਧੰਦੇ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੇ ਜਾਣਗੇ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਜਾਰੀ ਰਹਿਣਗੀਆਂ।