- Updated: May 23, 2026 05:52 PM
ਗੁਰਦਾਸਪੁਰ ਦੇ ਪਿੰਡ ਛਿੱਥ ਦੇ ਰਹਿਣ ਵਾਲੇ ਫੌਜੀ ਜਵਾਨ ਕਵਲਜੀਤ ਸਿੰਘ ਦੀ ਖੁਦਕੁਸ਼ੀ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਜਦੋਂ ਪਿੰਡ ਪਹੁੰਚੀ ਤਾਂ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੀਆਂ ਅੱਖਾਂ ਨਮ ਹੋ ਗਈਆਂ। ਕਵਲਜੀਤ ਸਿੰਘ ਦੀ ਚਿਤਾ ਨੂੰ ਉਸ ਦੇ ਚਾਚਾ ਵੱਲੋਂ ਅਗਨੀ ਦਿੱਤੀ ਗਈ। ਮਿਲੀ ਜਾਣਕਾਰੀ ਮੁਤਾਬਕ ਕਵਲਜੀਤ ਸਿੰਘ ਕਰੀਬ 10 ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਸੀ ਅਤੇ ਇਸ ਸਮੇਂ ਭਾਰਤੀ ਫੌਜ ਦੀ 17 ਸਿੱਖ ਰੈਜੀਮੈਂਟ ਵਿੱਚ ਜੈਪੁਰ ਵਿਖੇ ਤਾਇਨਾਤ ਸੀ। ਹਾਲ ਹੀ ਵਿੱਚ ਉਸ ਨੂੰ ਅਸਥਾਈ ਤੌਰ 'ਤੇ ਜਬਲਪੁਰ ਭੇਜਿਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਨੂੰ ਗੱਡੀ ਵਿੱਚ ਜਾਂਦੇ ਸਮੇਂ ਕਵਲਜੀਤ ਸਿੰਘ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਅਤੇ ਫੇਸਬੁੱਕ 'ਤੇ ਲਾਈਵ ਹੋ ਕੇ ਆਪਣੀ ਪਤਨੀ ਸਮੇਤ ਕੁਝ ਹੋਰ ਲੋਕਾਂ 'ਤੇ ਤੰਗ-ਪਰੇਸ਼ਾਨ ਕਰਨ ਦੇ ਦੋਸ਼ ਲਗਾਏ। ਇਸ ਤੋਂ ਬਾਅਦ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੀ ਮਾਤਾ ਸੁਰਜੀਤ ਕੌਰ ਨੇ ਦੋਸ਼ ਲਗਾਇਆ ਕਿ ਉਸ ਦੇ ਇਕਲੌਤੇ ਪੁੱਤਰ ਕਵਲਜੀਤ ਸਿੰਘ ਦਾ ਵਿਆਹ ਫਰਵਰੀ 2026 ਵਿੱਚ ਸਰਬਜੀਤ ਕੌਰ ਨਾਲ ਹੋਇਆ ਸੀ। ਉਨ੍ਹਾਂ ਕਿਹਾ ਕਿ ਵਿਆਹ ਤੋਂ ਦੋ ਮਹੀਨੇ ਬਾਅਦ ਹੀ ਸਰਬਜੀਤ ਕੌਰ ਰਾਤ ਸਮੇਂ ਆਪਣੇ ਪ੍ਰੇਮੀ ਨਾਲ ਘਰ ਤੋਂ ਚਲੀ ਗਈ ਸੀ, ਜਿਸ ਸਬੰਧੀ ਕਵਲਜੀਤ ਸਿੰਘ ਵੱਲੋਂ ਪੁਲਸ ਥਾਣਾ ਸਦਰ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ। ਪਰਿਵਾਰ ਦਾ ਦੋਸ਼ ਹੈ ਕਿ ਪੁਲਸ ਵੱਲੋਂ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ ਗਈ।
ਮਾਤਾ ਸੁਰਜੀਤ ਕੌਰ ਨੇ ਪੁਲਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਸਰਬਜੀਤ ਕੌਰ ਖ਼ਿਲਾਫ਼ ਮਾਮਲਾ ਦਰਜ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ। ਮ੍ਰਿਤਕ ਦੀ ਭੈਣ ਸੰਦੀਪ ਕੌਰ ਨੇ ਕਿਹਾ ਕਿ ਉਸ ਦਾ ਭਰਾ ਆਪਣੀ ਪਤਨੀ ਅਤੇ ਸਹੁਰਾ ਪਰਿਵਾਰ ਤੋਂ ਕਾਫ਼ੀ ਦੁਖੀ ਸੀ। ਉਸ ਨੇ ਦੱਸਿਆ ਕਿ ਕਵਲਜੀਤ ਸਿੰਘ ਨੇ ਕਈ ਵਾਰ ਆਪਣੇ ਸਹੁਰੇ ਨੂੰ ਫੋਨ ਕਰਕੇ ਪਤਨੀ ਦੇ ਕਿਸੇ ਹੋਰ ਨਾਲ ਸੰਬੰਧ ਹੋਣ ਦੀ ਗੱਲ ਦੱਸੀ ਸੀ ਪਰ ਕਿਸੇ ਨੇ ਉਸ ਦੀ ਗੱਲ ਨਹੀਂ ਸੁਣੀ। ਉੱਥੇ ਹੀ ਪੁਲਸ ਚੌਕੀ ਸ਼ੇਖੂਪੁਰ ਦੇ ਏਐੱਸਆਈ ਰਮੇਸ਼ ਕੁਮਾਰ ਨੇ ਦੱਸਿਆ ਕਿ ਕਵਲਜੀਤ ਸਿੰਘ ਦੀ ਪਹਿਲਾਂ ਦਿੱਤੀ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਕਿਉਂਕਿ ਖੁਦਕੁਸ਼ੀ ਦੀ ਘਟਨਾ ਜਬਲਪੁਰ ਵਿੱਚ ਵਾਪਰੀ ਹੈ, ਇਸ ਲਈ ਅਗਲੀ ਕਾਨੂੰਨੀ ਕਾਰਵਾਈ ਉੱਥੋਂ ਦੀ ਪੁਲਸ ਵੱਲੋਂ ਕੀਤੀ ਜਾਵੇਗੀ।