- Updated: May 21, 2026 03:40 PM
ਇਰਾਨ ਨਾਲ ਜੰਗ ਦੇ ਮੁੱਦੇ 'ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਹੋਈ ਤਿੱਖੀ ਫ਼ੋਨ ਕਾਲ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਹੈਰਾਨੀਜਨਕ ਬਿਆਨ ਦਿੱਤਾ ਹੈ। ਟਰੰਪ ਨੇ ਦਾਅਵਾ ਕੀਤਾ ਕਿ ਨੇਤਨਯਾਹੂ ਇਰਾਨ ਦੇ ਮਾਮਲੇ ਵਿੱਚ ਉਹੀ ਕਰਨਗੇ, ਜੋ ਮੈਂ ਚਾਹਾਂਗਾ। ਟਰੰਪ ਨੇ ਨੇਤਨਯਾਹੂ ਦੀ ਤਾਰੀਫ਼ ਕਰਦਿਆਂ ਉਨ੍ਹਾਂ ਨੂੰ ਇੱਕ ਚੰਗਾ ਇਨਸਾਨ ਅਤੇ ਜੰਗ ਦੇ ਸਮੇਂ ਦਾ ਮਜ਼ਬੂਤ ਪ੍ਰਧਾਨ ਮੰਤਰੀ ਦੱਸਿਆ, ਪਰ ਨਾਲ ਹੀ ਇਹ ਵੀ ਜੋੜਿਆ ਕਿ ਉਹ ਅਮਰੀਕਾ ਦੇ ਕਹੇ ਮੁਤਾਬਕ ਹੀ ਚੱਲਣਗੇ।
ਆਪਣੇ ਅੰਦਾਜ਼ ਵਿੱਚ ਟਿੱਪਣੀ ਕਰਦਿਆਂ ਟਰੰਪ ਨੇ ਇਜ਼ਰਾਈਲ ਵਿੱਚ ਆਪਣੀ ਲੋਕਪ੍ਰਿਯਤਾ ਦਾ ਵੱਡਾ ਦਾਅਵਾ ਕੀਤਾ। ਉਨ੍ਹਾਂ ਕਿਹਾ, "ਅੱਜ ਸਵੇਰੇ ਆਏ ਇੱਕ ਸਰਵੇ ਮੁਤਾਬਕ ਇਜ਼ਰਾਈਲ ਵਿੱਚ ਮੇਰੀ ਰੇਟਿੰਗ 99 ਫ਼ੀਸਦੀ ਹੈ। ਅਮਰੀਕਾ ਦੇ ਰਾਸ਼ਟਰਪਤੀ ਵਜੋਂ ਆਪਣਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ, ਹੋ ਸਕਦਾ ਹੈ ਕਿ ਮੈਂ ਇਜ਼ਰਾਈਲ ਚਲਾ ਜਾਵਾਂ ਅਤੇ ਉੱਥੇ ਪ੍ਰਧਾਨ ਮੰਤਰੀ ਦੀ ਚੋਣ ਲੜਾਂ।"
ਜ਼ਿਕਰਯੋਗ ਹੈ ਕਿ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਦੋਵਾਂ ਆਗੂਆਂ ਵਿਚਾਲੇ ਇਰਾਨ 'ਤੇ ਦੁਬਾਰਾ ਹਮਲੇ ਕਰਨ ਜਾਂ ਸ਼ਾਂਤੀ ਸਮਝੌਤੇ ਦੇ ਮੁੱਦੇ 'ਤੇ ਭਾਰੀ ਮਤਭੇਦ ਚੱਲ ਰਹੇ ਹਨ, ਜਿੱਥੇ ਨੇਤਨਯਾਹੂ ਤੁਰੰਤ ਫ਼ੌਜੀ ਕਾਰਵਾਈ ਦੇ ਪੱਖ ਵਿੱਚ ਹਨ, ਜਦਕਿ ਟਰੰਪ ਸਮਝੌਤੇ ਰਾਹੀਂ ਜੰਗ ਰੋਕਣਾ ਚਾਹੁੰਦੇ ਹਨ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ 'ਚ ਦੋਹਾਂ 'ਚ ਕਿਸ ਦੀ ਗੱਲ ਮੰਨੀ ਜਾਂਦੀ ਹੈ। ਇਰਾਨ 'ਤੇ ਹਮਲਾ ਕੀਤਾ ਜਾਵੇਗਾ ਜਾਂ ਜੰਗ ਨੂੰ ਖ਼ਤਮ ਕੀਤਾ ਜਾਵੇਗਾ।