- Updated: May 21, 2026 07:20 PM
ਪੁਲਵਾਮਾ ਹਮਲੇ ਦਾ ਦਰਦ ਭਾਰਤ ਹਾਲੇ ਤੱਕ ਨਹੀਂ ਭੁੱਲ ਸਕਿਆ, ਕਿਉਂਕਿ ਇਸ ਅੱਤਵਾਦੀ ਹਮਲੇ ’ਚ ਸੀਆਰਪੀਐਫ ਦੇ 40 ਜਵਾਨ ਸ਼ਹੀਦ ਹੋ ਗਏ ਸੀ, ਹਾਲਾਂਕਿ ਭਾਰਤ ਨੇ ਇਸ ਦੇ ਜਵਾਬ ਵਿਚ ਸਰਜੀਕਲ ਸਟ੍ਰਾਈਕ ਪਾਕਿਸਤਾਨ ਸਥਿਤ ਕਈ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਨਿਸਤੋ ਨਾਬੂਤ ਕਰ ਦਿੱਤਾ ਸੀ,ਪਰ ਹੁਣ ਇਸ ਹਮਲੇ ਦੇ ਇਕ ਮਾਸਟਰ ਮਾਈਂਡ ਹਮਜ਼ਾ ਬੁਰਹਾਨ ਨੂੰ ਕੁੱਝ ਅਣਪਛਾਤੇ ਲੋਕਾਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ। ਸੋ ਆਓ ਤੁਹਾਨੂੰ ਦੱਸਦੇ ਆਂ ਕੀ ਐ ਪੂਰੀ ਖ਼ਬਰ ਅਤੇ ਕੌਣ ਸੀ ਭਾਰਤ ਦਾ ਮੋਸਟ ਵਾਂਟੇਡ ਹਮਜ਼ਾ ਬੁਰਹਾਨ?
ਪੁਲਵਾਮਾ ਅੱਤਵਾਦੀ ਹਮਲੇ ਵਿਚ ਸ਼ਾਮਲ ਅੱਤਵਾਦੀ ਹਮਜ਼ਾ ਬੁਰਹਾਨ ਦੀ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਐ। ਜਾਣਕਾਰੀ ਮਿਲ ਰਹੀ ਐ ਕਿ ਮਕਬੂਜ਼ਾ ਕਸ਼ਮੀਰ ਦੇ ਮੁਜ਼ੱਫ਼ਰਾਬਾਦ ਵਿਚ ਅਣਪਛਾਤੇ ਹਮਲਾਵਰਾਂ ਨੇ ਹਮਜ਼ਾ ਬੁਰਹਾਨ ਨੂੰ ਨਿਸ਼ਾਨਾ ਬਣਾ ਕੇ ਕਈ ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਭਾਰਤ ਨੇ 2022 ਵਿਚ ਹਮਜ਼ਾ ਬੁਰਹਾਨ ਨੂੰ ਗ਼ੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਯੂਏਪੀਏ ਦੇ ਤਹਿਤ ਅੱਤਵਾਦੀ ਐਲਾਨ ਕੀਤਾ ਹੋਇਆ ਸੀ।
ਹਮਜ਼ਾ ਬੁਰਹਾਨ ਲੰਬੇ ਸਮੇਂ ਤੋਂ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿਚ ਸਰਗਰਮ ਸੀ। ਉਸ ਦੇ ’ਤੇ ਇਹ ਹਮਲਾ ਮੁਜੱਫ਼ਰਾਬਾਦ ਦੇ ਏਆਈਐਮਐਸ ਕਾਲਜ ਦੇ ਬਾਹਰ ਹੋਇਆ। ਉਹ ਅੱਤਵਾਦੀ ਅਬੂ ਦੁਜਾਨਾ, ਅਬੂ ਕਾਸਿਮ, ਬੁਰਹਾਨ ਵਾਨੀ ਅਤੇ ਜ਼ਾਕਿਰ ਮੂਸਾ ਦਾ ਕਰੀਬੀ ਸਹਿਯੋਗੀ ਸੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇਹ ਅੱਤਵਾਦੀ ਪੀਓਕੇ ਸਥਿਤ ਅਪਣੇ ਦਫ਼ਤਰ ਵਿਚ ਬੈਠਾ ਹੋਇਆ ਸੀ। ਇਸ ਦੌਰਾਨ ਕੁੱਝ ਅਣਪਛਾਤੇ ਲੋਕ ਇੱਥੇ ਪੁੱਜੇ ਅਤੇ ਉਨ੍ਹਾਂ ਨੇ ਹਮਜ਼ਾ ਨੂੰ ਗੋਲੀਆਂ ਨਾਲ ਛਲਣੀ ਕਰ ਦਿੱਤਾ। ਰਿਪੋਰਟ ਮੁਤਾਬਕ ਉਸ ਨੂੰ ਕਾਫ਼ੀ ਨੇੜਿਓਂ ਸਿਰ ਵਿਚ ਗੋਲੀ ਮਾਰੀ ਗਈ। ਹਮਜ਼ਾ ਬੁਰਹਾਨ ਨੂੰ 2019 ਦੇ ਪੁਲਵਾਮਾ ਅੱਤਵਾਦੀ ਹਮਲੇ ਦੀ ਸਾਜਿਸ਼ ਰਚਣ ਵਾਲਿਆਂ ’ਚੋਂ ਇਕ ਮੰਨਿਆ ਜਾਂਦਾ ਸੀ, ਜਿਸ ਵਿਚ 40 ਜਵਾਨ ਸ਼ਹੀਦ ਹੋ ਗਏ ਸਨ।
ਸਰਕਾਰੀ ਦਸਤਾਵੇਜ਼ਾਂ ਮੁਤਾਬਕ ਹਮਜ਼ਾ ਬੁਰਹਾਨ ਕਾਨੂੰਨੀ ਤਰੀਕੇ ਨਾਲ ਪਾਕਿਸਤਾਨ ਗਿਆ ਸੀ, ਜਿੱਥੇ ਉਹ ਅੱਤਵਾਦੀ ਸੰਗਠਨ ਅਲ ਬਦਰ ਵਿਚ ਸ਼ਾਮਲ ਹੋ ਗਿਆ ਅਤੇ ਬਆਦ ਵਿਚ ਸੰਗਠਨ ਦਾ ਸਰਗਰਮ ਅੱਤਵਾਦੀ ਅਤੇ ਕਮਾਂਡਰ ਬਣ ਗਿਆ। ਹੁਣ ਵੀ ਉਹ ਪਾਕਿਸਤਾਨ ਤੋਂ ਹੀ ਕੰਮ ਕਰ ਰਿਹਾ ਸੀ।
ਕੌਣ ਸੀ ਹਮਜ਼ਾ ਬੁਰਹਾਨ?
- ਹਮਜ਼ਾ ਬੁਰਹਾਨ ਦਾ ਪੂਰਾ ਨਾਮ ਅਰਜੁਮੰਦ ਗੁਲਜ਼ਾਰ ਡਾਰ ਉਰਫ਼ ਹਮਜ਼ਾ ਬੁਰਹਾਨ ਉਰਫ਼ ਡਾਕਟਰ ਸੀ।
- ਉਹ ਪੁਲਵਾਮਾ ਦੇ ਰੱਤੀਪੁਰਾ ਇਲਾਕੇ ਦਾ ਰਹਿਣ ਵਾਲਾ ਸੀ।
- ਅੱਤਵਾਦੀ ਹਮਜ਼ਾ ਬੁਰਹਾਨ ਦੀ ਉਮਰ ਮਹਿਜ਼ 27 ਸਾਲ ਸੀ।
- ਉਹ ਪੁਲਵਾਮਾ ਹਮਲੇ ਦੇ ਮਾਸਟਰ ਮਾਈਂਡ ਵਿਚੋਂ ਇਕ ਸੀ।
- ਉਹ ਅੱਤਵਾਦੀ ਸੰਗਠਨ ‘ਅਲ ਬਦਰ’ ਨਾਲ ਜੁੜਿਆ ਹੋਇਆ ਸੀ।
- ਅਲ ਬਦਰ ਨੂੰ ਭਾਰਤ ਸਰਕਾਰ ਨੇ ਅੱਤਵਾਦੀ ਸੰਗਠਨ ਐਲਾਨ ਕੀਤਾ ਹੋਇਆ ਹੈ।
- ਹਮਜ਼ਾ ਅਲ ਬਦਰ ਦੇ ਕਮਾਂਡਰ ਵਜੋਂ ਕੰਮ ਕਰ ਰਿਹਾ ਸੀ।
- ਉਹ ਨੌਜਵਾਨਾਂ ਨੂੰ ‘ਅਲ ਬਦਰ ’ਚ ਸ਼ਾਮਲ ਹੋਣ ਲਈ ਉਕਸਾਉਂਦਾ ਸੀ।
- ਉਹ ਅਪਣੀ ਪਛਾਣ ਲੁਕਾਉਣ ਲਈ ਇਕ ਸਕੂਲ ’ਚ ਪ੍ਰਿੰਸੀਪਲ ਵੀ ਬਣਿਆ ਹੋਇਆ ਸੀ।
ਇਕ ਜਾਣਕਾਰੀ ਅਨੁਸਾਰ ਅੱਤਵਾਦੀ ਹਮਜ਼ਾ ਬੁਰਹਾਨ ਪੁਲਵਾਮਾ ਤੋਂ ਇਲਾਵਾ ਦੂਜੇ ਅੱਤਵਾਦੀ ਹਮਲਿਆਂ ਵਿਚ ਵੀ ਸ਼ਾਮਲ ਸੀ ਅਤੇ ਨੌਜਵਾਨਾਂ ਨੂੰ ਭਰਮਾਅ ਕੇ ਕੱਟੜਪੰਥ ਦੇ ਰਸਤੇ ’ਤੇ ਤੋਰਦਾ ਸੀ। ਇਸ ਕੰਮ ਲਈ ਆਈਐਸਆਈ ਨੇ ਉਸ ਨੂੰ ਇਕ ਦਫ਼ਤਰ ਵੀ ਮੁਹੱਈਆ ਕਰਵਾਇਆ ਹੋਇਆ ਸੀ ਅਤੇ ਉਸ ਦੀ ਸੁਰੱਖਿਆ ਵਿਚ 24 ਘੰਟੇ ਏਕੇ-47 ਵਾਲੇ ਗੰਨਮੈਨ ਤਾਇਨਾਤ ਰਹਿੰਦੇ ਸੀ। ਦਰਅਸਲ ਮਕਬੂਜ਼ਾ ਕਸ਼ਮੀਰ ਸਥਿਤ ਮੁਜੱਫ਼ਰਾਬਾਦ ਭਾਰਤ ਦੇ ਖਿਲਾਫ਼ ਅੱਤਵਾਦੀ ਗਤੀਵਿਧੀਆਂ ਦਾ ਅੱਡਾ ਬਣਿਆ ਹੋਇਆ ਏ,, ਇੱਥੇ ਕਈ ਤਬਕਿਆਂ ਦੇ ਲੋਕ ਰਹਿੰਦੇ ਨੇ ਅਤੇ ਉਨ੍ਹਾਂ ਦੀ ਆੜ ਵਿਚ ਹੀ ਇਹ ਅੱਤਵਾਦੀ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜ਼ਾਮ ਦਿੰਦੇ ਨੇ।
ਦੱਸ ਦਈਏ ਕਿ 14 ਫਰਵਰੀ 2019 ਨੂੰ ਦੁਪਹਿਰ ਕਰੀਬ 3 ਵੱਜ ਕੇ 15 ਮਿੰਟ ’ਤੇ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਜੰਮੂ-ਸ੍ਰੀਨਗਰ ਨੈਸ਼ਨਲ ਹਾਈਵੇਅ ’ਤੇ ਇਕ ਭਿਆਨਕ ਅੱਤਵਾਦੀ ਹਮਲਾ ਹੋਇਆ ਸੀ,,ਜਦੋਂ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਅਤੇ ਸਥਾਨਕ ਕਸ਼ਮੀਰੀ ਨੌਜਵਾਨ ਆਦਿਲ ਅਹਿਮਦ ਡਾਰ ਨੇ 300 ਕਿਲੋ ਆਈਈਡੀ ਨਾਲ ਭਰੀ ਕਾਰ ਨੂੰ ਸੀਆਰਪੀਐਫ ਦੇ ਕਾਫ਼ਲੇ ਦੀ ਬੱਸ ਨਾਲ ਟੱਕਰ ਮਾਰ ਦਿੱਤੀ ਸੀ, ਜਿਸ ਵਿਚ 40 ਸੀਆਰਪੀਐਫ ਜਵਾਨ ਸ਼ਹੀਦ ਹੋ ਗਏ ਸੀ ਅਤੇ ਕਈ ਜ਼ਖ਼ਮੀ ਹੋ ਗਏ ਸੀ। ਸਾਲ 1989 ਤੋਂ ਬਾਅਦ ਜੰਮੂ ਕਸ਼ਮੀਰ ’ਚ ਸੁਰੱਖਿਆ ਬਲਾਂ ’ਤੇ ਹੋਇਆ ਇਹ ਸਭ ਤੋਂ ਘਾਤਕ ਹਮਲਾ ਸੀ,, ਜਿਸ ਦੀ ਜ਼ਿੰਮੇਵਾਰੀ ਜੈਸ਼-ਏ-ਮੁਹੰਮਦ ਨੇ ਲਈ ਸੀ। ਇਸ ਹਮਲੇ ਦੇ 12 ਦਿਨ ਬਾਅਦ ਭਾਰਤ ਨੇ ਪਾਕਿਸਤਾਨ ਸਥਿਤ ਅੱਤਵਾਦੀਆਂ ਦੇ ਕਈ ਟਿਕਾਣਿਆਂ ’ਤੇ ਸਰਜੀਕਲ ਸਟ੍ਰਾਈਕ ਵੀ ਕੀਤੀ ਸੀ, ਜਿਸ ’ਚ ਵੱਡੀ ਗਿਣਤੀ ’ਚ ਅੱਤਵਾਦੀ ਮਾਰੇ ਗਏ ਸੀ।