ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨਾਲ ਜੁੜੀ ਕੰਪਨੀ ਦੀ ਜਾਇਦਾਦ ਈਡੀ ਨੇ ਕੀਤੀ ਕੁਰਕ

ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨਾਲ ਜੁੜੀ ਕੰਪਨੀ ਦੀ ਜਾਇਦਾਦ ਈਡੀ ਨੇ ਕੀਤੀ ਕੁਰਕ

ਈਡੀ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੀ ਪ੍ਰਾਪਰਟੀ ਕੁਰਕ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਈਡੀ ਵੱਲੋਂ ਇਕ ਕਥਿਤ ਬੈਂਕ ਕਰਜ਼ ਧੋਖਾਧੜੀ ਨਾਲ ਜੁੜੀ ਜਾਂਚ ਤਹਿਤ ਕੰਪਨੀ ਦੀ 35.10 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਗਈ ਹੈ। ਇਸ ਵਿਚ ਵਿਧਾਇਕ ਗੱਜਣਮਾਜਰਾ ਡਾਇਰੈਕਟਰ ਸਨ।
 

ਮਿਲੀ ਜਾਣਕਾਰੀ ਅਨੁਸਾਰ ਮਾਲੇਰਕੋਟਲਾ ਵਿਚ ਸਥਿਤ ਜਾਇਦਾਦ ਤਾਰਾ ਕਾਰਪੋਰੇਸ਼ਨ ਲਿਮਟਿਡ ਦੀ ਹੈ। ਇਸ ਨੂੰ ਕੁਰਕ ਕਰ ਲਈ ਪੀਐੱਮਐੱਲਏ ਤਹਿਤ ਹੁਕਮ ਜਾਰੀ ਕਰ ਦਿਤੇ ਗਏ ਹਨ। ਈਡੀ ਨੇ ਕਿਹਾ ਕਿ ਕਰਜ਼ ਦੀ ਰਕਮ ਨੂੰ ਤਾਰਾ ਕਾਰਪੋਰੇਸ਼ਨ ਲਿਮਟਿਡ ਦੀਆਂ ਵੱਖ-ਵੱਖ ਫਰਜ਼ੀ ਫਰਮਾਂ ਵਿਚ ਟਰਾਂਸਫਰ ਕਰ ਦਿੱਤਾ ਗਿਆ ਅਤੇ ਉਸ ਦੇ ਬਾਅਦ ਇਸ ਨੂੰ ਤਾਰਾ ਹੈਲਥ ਫੂਡ ਲਿਮਟਿਡ ਅਤੇ ਇਕ ਹੋਰ ਸਹਾਇਕ ਕੰਪਨੀ ਤਾਰਾ ਸੇਲਸ ਲਿਮਟਿਡ ਵਿਚ ਇਕੱਠੀ ਕਰ ਦਿੱਤਾ ਗਿਆ। ਇਸ ਵਿਚ ਦੋਸ਼ ਲਾਇਆ ਗਿਆ ਹੈ ਕਿ ਤਾਰਾ ਹੈਲਥ ਫੂਡ ਲਿਮਟਿਡ ਵਿਚ ਪ੍ਰਾਪਤ ਰਕਮ ਦੀ ਵਰਤੋਂ ਕਰਜ਼ ਲੈਣ ਤੋਂ ਇਲਾਵਾ ਹੋਰ ਉਦੇਸ਼ਾਂ ਲਈ ਕੀਤੀ ਗਈ ਸੀ। ਏਜੰਸੀ ਨੇ ਕਿਹਾ ਕਿ 3.12 ਕਰੋੜ ਰੁਪਏ ਦੀ ਰਕਮ ਗੱਜਣਮਾਜਰਾ ਦੇ ਵਿਅਕਤੀਗਤ ਖਾਤਿਆਂ ਵਿਚ ਪਾਈ ਗਈ ਸੀ। ਅਮਰਗੜ੍ਹ ਵਿਧਾਨ ਸਭਾ ਖੇਤਰ ਤੋਂ ਆਮ ਆਦਮੀ ਪਾਰਟੀ ਵਿਧਾਇਕ ਗੱਜਣਮਾਜਰਾ ਨੂੰ ਇਸ ਮਾਮਲੇ ਦੇ ਸਿਲਸਿਲੇ ਵਿਚ ਨਵੰਬਰ ਦੀ ਸ਼ੁਰੂਆਤ ਵਿਚ ਈਡੀ ਨੇ ਗਿ੍ਰਫਤਾਰ ਕੀਤਾ ਸੀ। ਮਨੀ ਲਾਂਡਰਿੰਗ ਦਾ ਮਾਮਲਾ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਐੱਫਆਈਆਰ ਨਾਲ ਜੁੜਿਆ ਹੈ ਜੋ 40.92 ਕਰੋੜ ਰੁਪਏ ਦੇ ਕਥਿਤ ਬੈਂਕ ਕਰਜ਼ ਧੋਖਾਧੜੀ ਨਾਲ ਜੁੜਿਆ ਹੈ।