ਆਮ ਆਦਮੀ ਪਾਰਟੀ ਦੀ ਪ੍ਰੈੱਸ ਕਾਨਫ਼ਰੰਸ ਤੋਂ ਪਹਿਲਾਂ ED ਦੀ ਹੋਈ ਛਾਪੇਮਾਰੀ

 ਆਮ ਆਦਮੀ ਪਾਰਟੀ ਦੀ ਪ੍ਰੈੱਸ ਕਾਨਫ਼ਰੰਸ ਤੋਂ ਪਹਿਲਾਂ ED ਦੀ ਹੋਈ ਛਾਪੇਮਾਰੀ

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਨੀ ਲਾਂਡਰਿੰਗ ਦੀ ਜਾਂਚ ਦੇ ਹਿੱਸੇ ਵਜੋਂ ਮੰਗਲਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਕੱਤਰ ਰਿਸ਼ਵ ਕੁਮਾਰ ਅਤੇ ਆਮ ਆਦਮੀ ਪਾਰਟੀ (ਆਪ) ਨਾਲ ਜੁੜੇ ਕੁੱਝ ਲੋਕਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਸੂਤਰਾਂ ਨੇ ਦਸਿਆ ਕਿ ਛਾਪੇਮਾਰੀ ਦੇ ਹਿੱਸੇ ਵਜੋਂ ਰਾਸ਼ਟਰੀ ਰਾਜਧਾਨੀ ਦੇ ਕਰੀਬ 12 ਟਿਕਾਣਿਆਂ ਦੀ ਤਲਾਸ਼ੀ ਲਈ ਜਾ ਰਹੀ ਹੈ। ਕੇਂਦਰੀ ਏਜੰਸੀ ਦੇ ਅਧਿਕਾਰੀ ਰਿਸ਼ਵ ਕੁਮਾਰ ਅਤੇ ਦਿੱਲੀ ਜਲ ਬੋਰਡ ਦੇ ਸਾਬਕਾ ਮੈਂਬਰ ਸ਼ਲਭ ਕੁਮਾਰ ਸਮੇਤ ਕੁੱਝ ਹੋਰਾਂ ਦੇ ਟਿਕਾਣਿਆਂ ਦੀ ਤਲਾਸ਼ੀ ਲੈ ਰਹੇ ਹਨ।

ਜਾਣਕਾਰੀ ਮੁਤਾਬਕ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਨਰਾਇਣ ਦਾਸ ਗੁਪਤਾ ਦੇ ਘਰ ਵੀ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਛਾਪੇਮਾਰੀ ਚੱਲ ਰਹੀ ਹੈ। ਦੱਸ ਦੇਈਏ ਕਿ 'ਆਪ' ਅੱਜ ਇਕ ਪ੍ਰੈੱਸ ਕਾਨਫਰੰਸ ਕਰਨ ਜਾ ਰਹੀ ਸੀ। ਇਸ ਪ੍ਰੈੱਸ ਕਾਨਫ਼ਰੰਸ ਤੋਂ ਠੀਕ ਪਹਿਲਾਂ ਈਡੀ ਨੇ ਪਾਰਟੀ ਦੇ ਸੀਨੀਅਰ ਆਗੂਆਂ ਦੀਆਂ ਰਿਹਾਇਸ਼ਾਂ 'ਤੇ ਛਾਪੇਮਾਰੀ ਕੀਤੀ ਹੈ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਭਾਜਪਾ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੂੰ "ਖਰੀਦਣ" ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ, ''ਇਕ ਪਾਰਟੀ ਹੈ ਜੋ ਸਾਰਿਆਂ ਨੂੰ ਖਰੀਦ ਰਹੀ ਹੈ। ਜਿਨ੍ਹਾਂ ਨੇ ਗੋਆ ਅਤੇ ਕਰਨਾਟਕ ਵਿਚ ਸਰਕਾਰਾਂ ਨੂੰ ਤੋੜਿਆ, ਮਹਾਰਾਸ਼ਟਰ ਵਿਚ ਐਨਸੀਪੀ-ਸ਼ਿਵ ਸੈਨਾ ਗਠਜੋੜ ਦੇ ਵਿਧਾਇਕਾਂ ਨੂੰ ਖਰੀਦਿਆ, ਰਾਜਸਥਾਨ ਵਿਚ ਕਾਂਗਰਸ ਸਰਕਾਰ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕੀਤੀ, ਸਾਡੇ ਵਿਧਾਇਕਾਂ ਨਾਲ ਵੀ ਸੰਪਰਕ ਕੀਤਾ”।