ਕੈਨੇਡਾ ’ਚ ਹਵਾਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਦੌਰਾਨ ਹਾਦਸਾ, 1 ਦੀ ਮੌਤ

ਕੈਨੇਡਾ ’ਚ ਹਵਾਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਦੌਰਾਨ ਹਾਦਸਾ, 1 ਦੀ ਮੌਤ

ਕੈਨੇਡਾ ਦੇ ਹਾਈਵੇਅ ਤੋਂ ਲੰਘ ਰਹੇ ਲੋਕਾਂ ਦੀ ਰੂਹ ਕੰਬ ਗਈ ਜਦੋਂ ਇਕ ਹਵਾਈ ਜਹਾਜ਼ ਅਚਨਚੇਤ ਗੱਡੀਆਂ 'ਤੇ ਕਰੈਸ਼ ਹੋ ਗਿਆ। ਹਾਦਸਾ ਅੱਖੀਂ ਦੇਖਣ ਵਾਲੇ ਮੋਹਿਤ ਅਰੋੜਾ ਨੇ ਦੱਸਿਆ ਕਿ ਕੁਝ ਸੰਕਿਟਾਂ ਵਿਚ ਹੀ ਹਾਲਾਤ ਬੇਕਾਬੂ ਹੋ ਗਏ ਅਤੇ ਐਮਰਜੈਂਸੀ ਲੈਂਡਿੰਗ ਕਰ ਰਿਹਾ ਹਵਾਈ ਜਹਾਜ਼ ਇਕ ਪਿਕਅੱਪ ਟਰੱਕ ਵਿਚ ਫਸ ਗਿਆ ਅਤੇ ਜਦਕਿ ਜਹਾਜ਼ ਦਾ ਇਕ ਪ੍ਰੋਪੈਲਰ ਸੜਕ ’ਤੇ ਡਿੱਗਿਆ ਨਜ਼ਰ ਆਇਆ। ਮੋਹਿਤ ਅਰੋੜਾ ਖੁਸ਼ਕਿਸਮਤ ਰਹੇ ਅਤੇ ਹਵਾਈ ਜਹਾਜ਼ ਉਨ੍ਹਾਂ ਦੀ ਗੱਡੀ ਤੋਂ ਸਿਰਫ਼ 10 ਫੁੱਟ ਪਹਿਲਾਂ ਰੁਕ ਗਿਆ। ਉਨ੍ਹਾਂ ਕਿਹਾ ਕਿ ਆਪਣੀ ਜ਼ਿੰਦਗੀ ਵਿਚ ਅਜਿਹਾ ਖੌਫ਼ਨਾਕ ਮੰਜ਼ਰ ਕਦੇ ਨਹੀਂ ਦੇਖਿਆ। 

Image

ਦੂਜੇ ਪਾਸੇ ਪ੍ਰਿੰਸ ਜਾਰਜ ਕੈਨੇਡੀਅਨ ਪੁਲਸ ਦੀ ਕਾਰਪੋਰਲ ਜੈਨੀਫ਼ਰ ਕੂਪਰ ਨੇ ਦੱਸਿਆ ਕਿ ਹਾਈਵੇਅ ਤੋਂ ਲੰਘ ਰਹੇ ਡਰਾਈਵਰਜ਼  ਲਈ ਅਜਿਹੇ ਹਾਲਾਤ ਤੋਂ ਬਚਾਅ ਕਰਨਾ ਨਾਮੁਮਕਿਨ ਹੋ ਗਿਆ ਜਦਕਿ ਹਵਾਈ ਜਹਾਜ਼ ਦਾ ਪਾਇਲਟ ਸੁਰੱਖਿਅਤ ਲੈਂਡਿੰਗ ਦੇ ਯਤਨ ਕਰ ਰਿਹਾ ਸੀ। ਇਸੇ ਦੌਰਾਨ ਟ੍ਰਾਂਸਪੋਰਟੇਸ਼ਨ ਸੇਫ਼ਟੀ ਬੋਰਡ ਨੇ ਦੱਸਿਆ ਕਿ ਬੀਚ ਕਿੰਗ ਏਅਰ 200 ਏਅਰਕ੍ਰਾਫ਼ਟ ਹਾਦਸੇ ਦਾ ਸ਼ਿਕਾਰ ਬਣਿਆ ਅਤੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਮੋਹਿਤ ਅਰੋੜਾ ਵੱਲੋਂ ਖਿੱਚੀਆਂ ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਪੀਲੇ ਰੰਗ ਦੀ ਕਾਰ ਸੜਕ ਦੇ ਇਕ ਪਾਸੇ ਹਾਦਸਾਗ੍ਰਸਤ ਨਜ਼ਰ ਆ ਰਹੀ ਹੈ ਜਦਕਿ ਪਿਕਅੱਪ ਟਰੱਕ ਵੀ ਨੁਕਸਾਨਿਆ ਦੇਖਿਆ ਜਾ ਸਕਦਾ ਹੈ ਜਿਸ ਦੀ ਫਰੰਟ ਵਿੰਡਸ਼ੀਲਡ ਚਕਨਾਚੂਰ ਹੋ ਗਈ। ਬ੍ਰਿਟਿਸ਼ ਕੋਲੰਬੀਆ ਦੇ ਫੁਟਹਿਲਜ਼ ਬੁਲੇਵਾਰਡ ਇਲਾਕੇ ਵਿਚ ਵਾਪਰੇ ਹਾਦਸੇ ਮਗਰੋਂ ਲੋਕਾਂ ਨੂੰ ਹਾਈਵੇਅ ਤੋਂ ਦੂਰ ਰਹਿਣ ਦੀ ਹਦਾਇਤ ਦਿਤੀ ਗਈ ਅਤੇ ਪੜਤਾਲ ਦੇ ਮੱਦੇਨਜ਼ਰ ਦੋਹਾਂ ਪਾਸਿਆਂ ਤੋਂ ਆਵਾਜਾਈ ਨੂੰ ਰੋਕ ਦਿੱਤਾ ਗਿਆ। 

ਕੈਨੇਡੀਅਨ ਪੁਲਸ ਨੇ ਦੱਸਿਆ ਕਿ ਇਕ ਗੱਡੀ ਦਾ ਡਰਾਈਵਰ ਦਮ ਤੋੜ ਗਿਆ ਜਦਕਿ ਦੋ ਜਣਿਆਂ ਨੂੰ ਗੰਭੀਰ ਜ਼ਖ਼ਮੀ ਹਾਲਤ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ। ਬੀ.ਸੀ. ਐਮਰਜੈਂਸੀ ਹੈਲਥ ਸਰਵਿਸਿਜ਼ ਮੁਤਾਬਕ ਵੀਰਵਾਰ ਬਾਅਦ ਦੁਪਹਿਰ ਤਕਰੀਬਨ ਢਾਈ ਵਜੇ ਹਾਦਸੇ ਦੀ ਦੀ ਇਤਲਾਹ ਮਿਲੀ ਅਤੇ ਦੋ ਐਂਬੂਲੈਂਸਾਂ ਮੌਕੇ ’ਤੇ ਭੇਜੀਆਂ ਗਈਆਂ। 10 ਜਣਿਆਂ ਦਾ ਮੌਕੇ ’ਤੇ ਮੁਆਇਨਾ ਕਰਦਿਆਂ ਦੋ ਜਣਿਆਂ ਨੂੰ ਹਸਪਤਾਲ ਲਿਜਾਣ ਦੀ ਨੌਬਤ ਆਈ। ਦੂਜੇ ਪਾਸੇ ਅਮਰੀਕਾ ਵਿਚ ਇਕ ਚਾਰਟਰਡ ਪਲੇਨ ਕਰੈਸ਼ ਹੋਣ ਕਰ ਕੇ ਘੱਟੋ ਘੱਟ 8 ਜਣਿਆਂ ਦੀ ਮੌਤ ਹੋ ਗਈ।