ਤੀਜੇ ਦਿਨ ਵੀ ਫਰਾਂਸ ''ਚ ਪ੍ਰਦਰਸ਼ਨਕਾਰੀਆਂ ਨੇ ਵਾਹਨਾਂ ਤੇ ਦੁਕਾਨਾਂ ਨੂੰ ਲਾਈ ਅੱਗ, 875 ਗ੍ਰਿਫ਼ਤਾਰ, ਲੱਗ ਸੱਕਦੀ ਹੈ ਐਮਰਜੈਂਸੀ। 

ਤੀਜੇ ਦਿਨ ਵੀ ਫਰਾਂਸ ''ਚ ਪ੍ਰਦਰਸ਼ਨਕਾਰੀਆਂ ਨੇ ਵਾਹਨਾਂ ਤੇ ਦੁਕਾਨਾਂ ਨੂੰ ਲਾਈ ਅੱਗ, 875 ਗ੍ਰਿਫ਼ਤਾਰ, ਲੱਗ ਸੱਕਦੀ ਹੈ ਐਮਰਜੈਂਸੀ। 

ਫਰਾਂਸ ਦੀ ਰਾਜਧਾਨੀ ਪੈਰਿਸ 'ਚ ਪੁਲਸ ਵੱਲੋਂ ਇਕ ਨੌਜਵਾਨ ਨੂੰ ਗੋਲ਼ੀ ਮਾਰੇ ਜਾਣ ਦੀ ਘਟਨਾ ਤੋਂ ਬਾਅਦ ਲੋਕਾਂ ਨੇ ਇੱਥੇ ਲਗਾਤਾਰ ਤੀਜੇ ਦਿਨ ਵੀ ਵੱਡੇ ਪੱਧਰ 'ਤੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡ ਲਗਾ ਕੇ ਸੜਕ ਜਾਮ ਕਰ ਦਿੱਤੀ, ਅੱਗਜ਼ਨੀ ਕੀਤੀ ਅਤੇ ਪੁਲਸ ਮੁਲਾਜ਼ਮਾਂ 'ਤੇ ਪਟਾਕੇ ਸੁੱਟੇ। ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਅੱਥਰੂ ਗੈਸ ਦੇ ਗੋਲ਼ੇ ਅਤੇ ਪਾਣੀ ਦੀਆਂ ਤੋਪਾਂ ਦੀ ਵਰਤੋਂ ਕੀਤੀ। ਇਸ ਸਬੰਧ 'ਚ 800 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪ੍ਰਦਰਸ਼ਨਕਾਰੀਆਂ ਨਾਲ ਝੜਪਾਂ 'ਚ 200 ਪੁਲਸ ਅਧਿਕਾਰੀ ਜ਼ਖ਼ਮੀ ਹੋ ਗਏ ਹਨ।

ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਟ੍ਰੈਫਿਕ ਚੈਕਿੰਗ ਦੌਰਾਨ 17 ਸਾਲਾ ਨਾਹੇਲ ਦੀ ਹੱਤਿਆ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਘਟਨਾ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਲੋਕ ਬਹੁਤ ਗੁੱਸੇ ਵਿੱਚ ਹਨ। ਇਸ ਘਟਨਾ ਤੋਂ ਬਾਅਦ ਫਰਾਂਸ 'ਚ ਹਿੰਸਕ ਪ੍ਰਦਰਸ਼ਨ ਭੜਕ ਗਏ ਅਤੇ ਵੱਖ-ਵੱਖ ਥਾਵਾਂ 'ਤੇ ਅੱਗਜ਼ਨੀ ਦੀਆਂ ਘਟਨਾਵਾਂ ਵਾਪਰੀਆਂ। ਪ੍ਰਦਰਸ਼ਨ ਤੀਜੀ ਰਾਤ ਵੀ ਜਾਰੀ ਰਿਹਾ। ਅਧਿਕਾਰੀਆਂ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਕਲੀਚੀ-ਸੂਸ-ਬੋਇਸ ਦੇ ਉਪਨਗਰ ਵਿੱਚ ਸਿਟੀ ਹਾਲ ਅਤੇ ਔਬਰਵਿਲੀਅਰਜ਼ 'ਚ ਇਕ ਬੱਸ ਡਿਪੂ ਨੂੰ ਅੱਗ ਲਗਾ ਦਿੱਤੀ। ਉਨ੍ਹਾਂ ਕਿਹਾ ਕਿ ਪੈਰਿਸ ਦੇ ਕਈ ਇਲਾਕਿਆਂ 'ਚ ਲੋਕਾਂ ਦੇ ਸਮੂਹਾਂ ਨੇ ਸੁਰੱਖਿਆ ਬਲਾਂ 'ਤੇ ਪਟਾਕੇ ਸੁੱਟੇ। ਪੈਰਿਸ ਪੁਲਸ ਹੈੱਡਕੁਆਰਟਰ ਅਨੁਸਾਰ ਪ੍ਰਦਰਸ਼ਨਾਂ ਨੂੰ ਕਾਬੂ ਕਰਨ ਲਈ ਲਗਭਗ 40,000 ਪੁਲਸ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਗ੍ਰਹਿ ਮੰਤਰੀ ਨੇ ਕਿਹਾ ਕਿ ਪੁਲਸ ਨੇ ਹਿੰਸਾ ਦੀਆਂ ਘਟਨਾਵਾਂ ਦੇ ਸਬੰਧ 'ਚ 875 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਰਾਸ਼ਟਰੀ ਪੁਲਸ ਦੇ ਬੁਲਾਰੇ ਅਨੁਸਾਰ ਲਗਭਗ 200 ਪੁਲਸ ਅਧਿਕਾਰੀ ਜ਼ਖ਼ਮੀ ਹੋਏ ਹਨ। ਇਸ ਦੌਰਾਨ ਗ੍ਰਹਿ ਮੰਤਰੀ ਗੇਰਾਲਡ ਡਰਮਨਿਨ ਨੇ ਸ਼ੁੱਕਰਵਾਰ ਨੂੰ ਹਿੰਸਾ ਦੀਆਂ ਘਟਨਾਵਾਂ ਦੀ ਨਿੰਦਾ ਕੀਤੀ।

                                          Image

ਪ੍ਰਧਾਨ ਮੰਤਰੀ ਨੇ ਸ਼ੁੱਕਰਵਾਰ ਨੂੰ ਪੈਰਿਸ ਦੇ ਦੱਖਣ 'ਚ ਐਵੇਰੀ-ਕੋਰਕੂਨਜ਼ ਵਿੱਚ ਇਕ ਪੁਲਸ ਸਟੇਸ਼ਨ ਦਾ ਦੌਰਾ ਕੀਤਾ। ਦੂਜੇ ਪਾਸੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਐਮਰਜੈਂਸੀ ਮੀਟਿੰਗ ਬੁਲਾਈ ਹੈ। ਜੇ ਐਮਰਜੈਂਸੀ ਦਾ ਐਲਾਨ ਕੀਤਾ ਜਾਂਦਾ ਹੈ ਤਾਂ ਅਧਿਕਾਰੀਆਂ ਨੂੰ ਕਰਫਿਊ ਘੋਸ਼ਿਤ ਕਰਨ, ਪ੍ਰਦਰਸ਼ਨਾਂ 'ਤੇ ਪਾਬੰਦੀ ਲਗਾਉਣ ਅਤੇ ਪੁਲਸ ਨੂੰ ਸ਼ੱਕੀ ਦੰਗਾਕਾਰੀਆਂ ਨੂੰ ਰੋਕਣ ਤੇ ਘਰਾਂ ਦੀ ਤਲਾਸ਼ੀ ਲੈਣ ਲਈ ਵਧੇਰੇ ਆਜ਼ਾਦੀ ਦਿੱਤੀ ਜਾਵੇਗੀ।