- Updated: April 18, 2025 10:28 AM
ਐਂਟੀ-ਗੈਂਗਸਟਰ ਟਾਸਕ ਫੋਰਸ, ਪੰਜਾਬ ਅਤੇ ਤਰਨਤਾਰਨ ਪੁਲਸ ਵੱਲੋਂ ਸਾਂਝੇ ਆਪ੍ਰੇਸ਼ਨ ਵਿਚ 2 ਮੁਲਜ਼ਮਾਂ ਨੂੰ ਐਨਕਾਊਂਟਰ ਮਗਰੋਂ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਯੁਵਰਾਜ ਉਰਫ ਜੱਗੂ ਅਤੇ ਮਹਿਕਪ੍ਰੀਤ ਉਰਫ ਮਹਿਕ ਵਜੋਂ ਹੋਈ ਹੈ। ਇਹ ਦੋਵੇਂ ਅੱਤਵਾਦੀ ਲੰਡਾ ਹਰੀਕੇ ਅਤੇ ਗੈਂਗਸਟਰ ਸੱਤਾ ਨੌਸ਼ਹਿਰਾ ਦੇ ਦੋ ਮੁੱਖ ਸਾਥੀ ਹਨ।
ਜਾਣਕਾਰੀ ਮੁਤਾਬਕ ਤਰਨਤਾਰਨ ਦੇ ਪਿੰਡ ਜਵੰਦਾ ਨੇੜੇ ਦੋਹਾਂ ਮੁਲਜ਼ਮਾਂ ਵੱਲੋਂ ਪੁਲਸ ਪਾਰਟੀ 'ਤੇ ਫ਼ਾਇਰਿੰਗ ਕਰ ਦਿੱਤੀ ਗਈ। ਪੁਲਸ ਵੱਲੋਂ ਵੀ ਜਵਾਬੀ ਫ਼ਾਇਰਿੰਗ ਕੀਤੀ ਗਈ, ਜਿਸ ਵਿਚ ਦੋਵੇਂ ਮੁਲਜ਼ਮ ਜ਼ਖ਼ਮੀ ਹੋ ਗਏ। ਪੁਲਸ ਵੱਲੋਂ ਉਨ੍ਹਾਂ ਨੂੰ ਤਰਨਤਾਰਨ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ। ਮੁਲਜ਼ਮਾਂ ਕੋਲੋਂ ਇਕ ਗਲਾਕ 9MM ਅਤੇ ਇਕ PX30 .30 ਕੈਲੀਬਰ ਪਿਸਤੌਲ ਜ਼ਿੰਦਾ ਕਾਰਤੂਸਾਂ ਦੇ ਨਾਲ ਬਰਾਮਦ ਕੀਤੀ ਗਈ ਹੈ।
ਪੁਲਸ ਮੁਤਾਬਕ ਦੋਹਾਂ ਨੂੰ ਪੰਜਾਬ ਵਿਚ ਟਾਰਗੇਟ ਕਿਲਿੰਗਜ਼ ਨੂੰ ਅੰਜਾਮ ਦੇਣ ਲਈ ਵਿਦੇਸ਼ੀ ਹੈਂਡਲਰਾਂ ਵੱਲੋਂ ਨਿਰਦੇਸ਼ਿਤ ਕੀਤਾ ਜਾ ਰਿਹਾ ਸੀ। ਦੋਵਾਂ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਵਿਚ ਸਨਸਨੀਖੇਜ਼ ਅਪਰਾਧਾਂ ਨੂੰ ਰੋਕਿਆ ਗਿਆ ਹੈ। ਪੰਜਾਬ ਪੁਲਸ ਸੰਗਠਿਤ ਅਪਰਾਧ ਨੂੰ ਖਤਮ ਕਰਨ ਅਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।