- Updated: April 04, 2024 09:33 PM
ਅੰਮ੍ਰਿਤਸਰ ਵਿਚ ਇਕ ਮਸ਼ਹੂਰ ਡਾਕਟਰ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਡਾਕਟਰ ਨੇ 2018 'ਚ ਮਹਿਲਾ ਵਕੀਲ ਦਾ ਆਪਰੇਸ਼ਨ ਕੀਤਾ ਸੀ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ। ਅੱਜ ਪੁਲਿਸ ਨੇ ਇਸੇ ਮਾਮਲੇ ਵਿੱਚ ਡਾਕਟਰ ਪ੍ਰਵੀਨ ਬੇਦੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡਾਕਟਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਮਾਣਯੋਗ ਅਦਾਲਤ ਨੇ ਡਾਕਟਰ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ।
ਸ਼ਿਕਾਇਤਕਰਤਾ ਗੋਕੁਲ ਚੰਦ ਨੇਗੀ ਅਨੁਸਾਰ ਡਾਕਟਰ ਨੇ 1 ਅਕਤੂਬਰ 2018 ਨੂੰ ਉਸ ਦੀ ਪਤਨੀ ਨੂੰ ਐਲਟੈਕ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਡਾਕਟਰ ਪ੍ਰਵੀਨ ਦੇਵਗਨ ਨੇ ਉਸ ਦੀ ਬੱਚੇਦਾਨੀ ਦਾ ਆਪ੍ਰੇਸ਼ਨ ਕੀਤਾ। ਉਸ ਤੋਂ ਬਾਅਦ 2 ਤਰੀਕ ਨੂੰ ਉਸ ਦੀ ਪਤਨੀ ਦੀ ਮੌਤ ਹੋ ਗਈ ਜਦਕਿ ਉਸ ਨੂੰ ਕੋਈ ਖਤਰਾ ਨਾ ਹੋਣ ਦੀ ਗੱਲ ਕਹੀ ਗਈ।
ਇਸ ਤੋਂ ਬਾਅਦ ਡਾਕਟਰ ਨੇ ਜਾਅਲੀ ਦਸਤਖਤ ਕਰਕੇ ਰਿਪੋਰਟ ਵੀ ਦੇ ਦਿੱਤੀ। ਜਿਸ ਤੋਂ ਬਾਅਦ ਮੈਡੀਕਲ ਬੋਰਡ ਦਾ ਗਠਨ ਕੀਤਾ ਗਿਆ ਅਤੇ ਪਤਾ ਲੱਗਾ ਕਿ ਮੌਤ ਦਾ ਕਾਰਨ ਲਾਪਰਵਾਹੀ ਨਾਲ ਹੋਇਆ ਹੈ। ਡਾਕਟਰ ਦੇ ਖਿਲਾਫ 7 ਮਾਰਚ 2021 ਨੂੰ ਕੇਸ ਦਰਜ ਕੀਤਾ ਗਿਆ ਸੀ ਅਤੇ 5 ਸਾਲਾਂ ਬਾਅਦ ਡਾਕਟਰ ਪ੍ਰਵੀਨ ਦੇਵਗਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਡਾਕਟਰ ਦਾ ਲਾਇਸੈਂਸ ਵੀ ਰੱਦ ਕਰ ਦਿਤਾ ਗਿਆ ਸੀ।
ਇਸ ਮੌਕੇ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਡਾਕਟਰ ਪ੍ਰਵੀਨ ਦੇਵਗਨ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਣਯੋਗ ਅਦਾਲਤ ਨੇ ਉਸ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਸਾਬਤ ਕਰਦੇ ਹੋਏ ਉਸ ਨੂੰ ਜ਼ਮਾਨਤ ਦੇ ਦਿੱਤੀ ਹੈ। ਮੈਨੂੰ ਅਦਾਲਤ ਦੇ ਕਾਨੂੰਨ 'ਤੇ ਪੂਰਾ ਭਰੋਸਾ ਸੀ ਜਿਸ ਨੇ ਮੈਨੂੰ ਜ਼ਮਾਨਤ ਦਿੱਤੀ ਹੈ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਡਾ. ਪ੍ਰਵੀਨ ਦੇਵਗਨ ਨੂੰ ਅਜੇ ਤੱਕ ਜ਼ਮਾਨਤ ਨਹੀਂ ਮਿਲੀ ਹੈ ਅਤੇ ਉਸ ਨੂੰ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ |