- Updated: March 19, 2025 05:53 PM
ਕੇਂਦਰ ਸਰਕਾਰ ਨਾਲ 7ਵੇਂ ਦੌਰ ਦੀ ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਸਾਫ ਆਖਿਆ ਹੈ ਕਿ ਜਦੋਂ ਤਕ ਐੱਮ. ਐੱਸ. ਪੀ. ਦੀ ਗਾਰੰਟੀ ਨਹੀਂ ਮਿਲਦੀ ਇਹ ਕਨੂੰਨ ਨਹੀਂ ਬਣਦਾ ਉਦੋਂ ਤਕ ਦੋਵੇਂ ਮੋਰਚੇ ਜਾਰੀ ਰਹਿਣਗੇ ਅਤੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਵੀ ਜਾਰੀ ਰਹੇਗਾ। ਇਸ ਮੀਟਿੰਗ ਵਿਚ ਤਿੰਨ ਕੇਂਦਰੀ ਮੰਤਰੀਆਂ ਤੋਂ ਇਲਾਵਾ ਪੰਜਾਬ ਦੇ ਮੰਤਰੀ ਵੀ ਸ਼ਾਮਲ ਹੋਏ। ਹੁਣ ਅਗਲੇ ਗੇੜ ਦੀ ਮੀਟਿੰਗ 4 ਮਈ ਨੂੰ ਹੋਵੇਗੀ। ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਚੌਹਾਨ ਨੇ ਖੁਦ ਇਹ ਜਾਣਕਾਰੀ ਦਿੱਤੀ।
ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਕੇਂਦਰੀ ਮੰਤਰੀਆਂ ਨਾਲ ਹੋਈ ਮੀਟਿੰਗ ਭਾਵੇਂ ਬੇਸਿੱਟਾ ਰਹੀ ਹੈ ਪਰ ਇਸ ਮੀਟਿੰਗ ਦੌਰਾਨ ਕਿਸਾਨਾਂ ਅਤੇ ਸਰਕਾਰ ਵਿਚਾਲੇ ਗੱਲਬਾਤ ਅੱਗੇ ਤੁਰੀ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸਰਕਾਰ ਨੇ ਆਖਿਆ ਹੈ ਕਿ ਜੇਕਰ ਐੱਮ. ਐੱਸ. ਪੀ. ਕਾਨੂੰਨ ਬਣਦਾ ਹੈ ਤਾਂ ਇਸ ਨਾਲ ਕੁਝ ਸਮੱਸਿਆ ਆ ਸਕਦੀ ਹੈ, ਇਸ ਨੂੰ ਲੈ ਕੇ ਉਹ ਕੇਂਦਰ ਦੇ ਸਾਰੇ ਮਹਿਕਮਿਆਂ ਨਾਲ ਵਿਚਾਰ ਚਰਚਾ ਕਰਕੇ ਚੰਗੀ ਤਰ੍ਹਾਂ ਸਟੱਡੀ ਕਰਨਾ ਚਾਹੁੰਦੇ ਹਨ, ਇਸ ਲਈ ਉਨ੍ਹਾਂ ਨੂੰ ਸਮਾਂ ਚਾਹੀਦਾ ਹੈ। ਪੰਧੇਰ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਕਿਹਾ ਕਿ ਅਸੀਂ ਗੱਲਬਾਤ ਜਾਰੀ ਰੱਖਣਾ ਚਾਹੁੰਦੇ ਹਾਂ, ਗੱਲਬਾਤ ਨਾਲ ਹੀ ਮਸਲੇ ਦਾ ਹੱਲ ਹੋਵੇਗਾ। ਹੁਣ ਦੇਖਦੇ ਹਾਂ ਕਿ ਐੱਮ. ਐੱਸ. ਪੀ. ਦੀ ਗਾਰੰਟੀ ਲਈ ਦੋ ਮਹੀਨਿਆਂ ਤੱਕ ਸਰਕਾਰ ਕੀ ਕੰਮ ਕਰਦੀ ਹੈ।