- Updated: November 19, 2024 04:04 PM
ਲੁਧਿਆਣਾ ਵਿਚ ਸੰਯੁਕਤ ਕਿਸਾਨ ਮੋਰਚੇ ਦੀ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਵਿਚ ਵੱਖ-ਵੱਖ ਜਥੇਬੰਦੀਆਂ ਦੇ ਮੈਂਬਰ ਸ਼ਾਮਲ ਹੋਏ। ਇਸ ਮੌਕੇ ਮੈਂਬਰਾਂ ਨੇ ਕਿਹਾ ਕਿ 26 ਨਵੰਬਰ 2024 ਨੂੰ ਦਿੱਲੀ ਮੋਰਚੇ ਦੀ ਚੌਥੀ ਵਰ੍ਹੇਗੰਢ ਮਨਾਈ ਜਾਣੀ ਹੈ। ਇਸ ਨੂੰ ਲੈ ਕੇ ਉਨ੍ਹਾਂ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਿਲਣ ਦਾ ਸਮਾਂ ਮੰਗਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲ ਕੇ ਮੰਗ ਕੀਤੀ ਜਾਵੇਗੀ ਕਿ ਉਹ ਕਿਸਾਨਾਂ ਨਾਲ ਕੀਤੇ ਵਾਅਦੇ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਤੇ MSP ਗਰੰਟੀ ਕਾਨੂੰਨ ਬਣਾਉਣ। ਉਨ੍ਹਾਂ ਕਿਹਾ ਕਿ ਇਸ ਵਾਰ ਤਾਂ ਹਾਲਤ ਇਹ ਨੇ ਕਿ ਮੰਡੀਆਂ ਦੇ ਵਿਚ ਝੋਨਾ ਰੁਲ ਰਿਹਾ ਹੈ ਤੇ ਸਰਕਾਰ ਵੱਲੋਂ ਸਾਰ ਵੀ ਨਹੀਂ ਲਈ ਜਾ ਰਹੀ। ਅਜੇ ਵੀ 10% ਤੋਂ ਜ਼ਿਆਦਾ ਝੋਨਾ ਖੇਤਾਂ ਦੇ ਵਿਚ ਖੜ੍ਹਾ ਹੈ।