- Updated: April 05, 2024 07:14 PM
ਤਰਨਤਾਰਨ ਦੇ ਇਕ ਸਰਹੱਦੀ ਪਿੰਡ ਦੇ ਇਕ ਕਿਸਾਨ ਦੇ ਪੁੱਤਰ ਸਹਿਜਪ੍ਰੀਤ ਸਿੰਘ ਨੇ ਨੈਸ਼ਨਲ ਡਿਫੈਂਸ ਅਕੈਡਮੀ (ਐਨਡੀਏ) ਦੀ ਪ੍ਰੀਖਿਆ ਵਿਚ ਆਲ ਇੰਡੀਆ ਸੱਤਵਾਂ ਰੈਂਕ ਹਾਸਲ ਕੀਤਾ ਹੈ। ਉਹ ਖਡੂਰ ਸਾਹਿਬ ਅਤੇ ਸੈਨਿਕ ਸਕੂਲ ਕਪੂਰਥਲਾ ਸਥਿਤ ਪੰਜਾਬ ਦੇ ਨਿਸ਼ਾਨ-ਏ-ਸਿੱਖੀ ਇੰਸਟੀਚਿਊਟ ਆਫ਼ ਸਾਇੰਸ ਐਂਡ ਟ੍ਰੇਨਿੰਗ (ਐਨ.ਡੀ.ਏ. ਵਿੰਗ) ਦੇ ਛੇ ਹੋਰ ਕੈਡਿਟਾਂ ਵਿਚੋਂ ਇਕ ਹੈ, ਜਿਨ੍ਹਾਂ ਨੂੰ ਸੇਵਾ ਚੋਣ ਬੋਰਡ ਨੇ ਹਰੀ ਝੰਡੀ ਦੇ ਦਿਤੀ ਹੈ ਅਤੇ ਜਲਦੀ ਹੀ ਨੈਸ਼ਨਲ ਡਿਫੈਂਸ ਅਕੈਡਮੀ ਖੜਕਵਾਸਲਾ ਵਿਚ ਸਿਖਲਾਈ ਸ਼ੁਰੂ ਕਰਨਗੇ।
ਐਨਡੀਏ ਵਿੰਗ ਦੇ ਡਾਇਰੈਕਟਰ ਮੇਜਰ ਜਨਰਲ ਬਲਵਿੰਦਰ ਸਿੰਘ (ਵੀਐਸਐਮ) ਨੇ ਕਿਹਾ ਕਿ ਉਹ ਇਸ ਸਾਲ ਜੁਲਾਈ ਤੋਂ ਅਪਣੀ ਸਿਖਲਾਈ ਸ਼ੁਰੂ ਕਰਨਗੇ। ਮੇਜਰ ਜਨਰਲ ਬਲਵਿੰਦਰ ਸਿੰਘ ਨੇ ਕਿਹਾ ਕਿ ਸਹਿਜਪ੍ਰੀਤ ਨੇ ਸੰਸਥਾ ਦਾ ਨਾਂ ਰੌਸ਼ਨ ਕੀਤਾ ਹੈ ਅਤੇ ਆਪਣੇ ਮਾਪਿਆਂ ਦਾ ਮਾਣ ਵਧਾਇਆ ਹੈ। ਉਹ ਸੰਸਥਾ ਦੇ 8ਵੀਂ ਕੋਰਸ ਦਾ ਵਿਦਿਆਰਥੀ ਹੈ। ਹੁਣ ਤਕ ਨਿਸ਼ਾਨ-ਏ-ਸਿੱਖੀ ਦੇ 22 ਵਿਦਿਆਰਥੀ ਫੌਜ ਵਿਚ ਚੁਣੇ ਜਾ ਚੁੱਕੇ ਹਨ ਅਤੇ ਵੱਖ-ਵੱਖ ਅਹੁਦਿਆਂ 'ਤੇ ਸੇਵਾਵਾਂ ਨਿਭਾਅ ਰਹੇ ਹਨ। ਬਾਬਾ ਸੇਵਾ ਸਿੰਘ ਨੇ ਵਿਦਿਆਰਥੀਆਂ ਦੀ ਮਿਹਨਤ ਅਤੇ ਇਮਾਨਦਾਰੀ ਦੀ ਸ਼ਲਾਘਾ ਕੀਤੀ ਹੈ।