- Updated: September 17, 2026 08:27 PM
ਜਲੰਧਰ ਸਿਟੀ ਰੇਲਵੇ ਸਟੇਸ਼ਨ ‘ਤੇ ਦਰਦਨਾਕ ਹਾਦਸਾ ਵਾਪਰ ਗਿਆ। ਆਪਣੀ ਧੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਇੱਕ ਪਿਤਾ ਦੀ ਮੌਤ ਹੋ ਗਈ। ਧੀ ਵੀ ਗੰਭੀਰ ਜ਼ਖਮੀ ਹੋ ਗਈ। ਪੁਲਿਸ ਅਤੇ ਰਾਹਗੀਰਾਂ ਨੇ ਦੋਵਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ, ਪਰ ਡਾਕਟਰ ਨੇ ਪਿਤਾ ਨੂੰ ਮ੍ਰਿਤਕ ਐਲਾਨ ਦਿੱਤਾ। ਦੂਜੇ ਪਾਸੇ ਧੀ ਨੂੰ ਮੁੱਢਲਾ ਇਲਾਜ ਦੇ ਕੇ ਰੈਫਰ ਕਰ ਦਿੱਤਾ ਗਿਆ। ਪਰਿਵਾਰ ਵਾਲੇ ਉਸ ਨੂੰ ਹਰਿਆਣਾ ਦੇ ਸਿਰਸਾ ਦੇ ਇੱਕ ਨਿੱਜੀ ਹਸਪਤਾਲ ਲੈ ਕੇ ਚਲੇ ਗਏ।
ਮ੍ਰਿਤਕ ਦੀ ਪਛਾਣ ਸ਼ਮਸ਼ੇਰ ਸਿੰਘ ਸੰਧੂ (45) ਪੁੱਤਰ ਲਖਵੀਰ ਸਿੰਘ ਪੱਛਮੀ ਦਿੱਲੀ ਦੇ ਵਿਸ਼ਨੂੰ ਗਾਰਡਨ ਦੇ ਨਿਵਾਸੀ ਵਜੋਂ ਹੋਈ ਹੈ। ਪੁਲਿਸ ਨੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਇਆ ਅਤੇ ਉਸ ਦੀ ਮ੍ਰਿਤਕ ਦੇਹ ਉਸ ਦੇ ਪਰਿਵਾਰ ਨੂੰ ਸੌਂਪ ਦਿੱਤੀ।
GRP ਥਾਣੇ ਦੇ SHO ਬਲਵੀਰ ਸਿੰਘ ਨੇ ਦੱਸਿਆ ਕਿ ਘਟਨਾ ਦੁਪਹਿਰ 1 ਵਜੇ ਦੀ ਹੈ, ਦਿੱਲੀ ਤੋਂ ਆਉਣ ਵਾਲੀ ਸ਼ਾਨ-ਏ-ਪੰਜਾਬ ਟ੍ਰੇਨ ਇੱਥੇ ਆ ਕੇ ਰੁਕੀ, ਜਿਸ ਵਿਚ ਪਿਤਾ ਆਪਣੀ ਧੀ ਨਾਲ ਪੱਛਮੀ ਦਿੱਲੀ ਤੋਂ ਬਿਆਸ ਡੇਰਾ ਜਾ ਰਿਹਾ ਸੀ। ਉਹ ਕੁਝ ਸਾਮਾਨ ਖਰੀਦਣ ਲਈ ਜਲੰਧਰ ਸਿਟੀ ਰੇਲਵੇ ਸਟੇਸ਼ਨ ‘ਤੇ ਟ੍ਰੇਨ ਤੋਂ ਉਤਰਿਆ ਸੀ।
ਇਸ ਦੌਰਾਨ ਉਸ ਦੀ 13 ਸਾਲਾਂ ਧੀ ਉਸ ਦੇ ਪਿੱਛੇ ਟ੍ਰੇਨ ਦੇ ਦਰਵਾਜ਼ੇ ਤੱਕ ਆ ਗਈ। ਅਚਾਨਕ ਟ੍ਰੇਨ ਨੇ ਹਾਰਨ ਦਿੱਤਾ ਤੇ ਝਟਕੇ ਨਾਲ ਉਸ ਦਾ ਪੈਰ ਫਿਸਲ ਗਿਆ ਤੇ ਉਹ ਡਿੱਗ ਗਈ। ਧੀ ਨੂੰ ਬਚਾਉਣ ਲਈ ਕਾਹਲੀ ਵਿਚ ਪਿਤਾ ਸ਼ਮਸ਼ੇਰ ਸਿੰਘ ਦੌੜਿਆ ਤੇ ਉਹ ਪਲੇਟਫਾਰਮ ਅਤੇ ਟ੍ਰੇਨ ਦੇ ਵਿਚਕਾਰਲੇ ਗੈਪ ਵਿੱਚ ਫਸ ਗਿਆ, ਜਿਸ ਦੇ ਨਤੀਜੇ ਵਜੋਂ ਇਹ ਹਾਦਸਾ ਵਾਪਰਿਆ। ਹਸਪਤਾਲ ਲਿਜਾਂਦਿਆਂ ਉਸ ਨੇ ਰਾਹ ਵਿਚ ਦਮ ਤੋੜ ਦਿੱਤਾ।
ਸ਼ਮਸ਼ੇਰ ਸਿੰਘ ਦੀ ਪਤਨੀ ਹੋਰ ਰਿਸ਼ਤੇਦਾਰਾਂ ਨਾਲ ਆਈ ਸੀ। ਉਸ ਦਾ ਰੋ-ਰੋ ਬੁਰਾ ਹਾਲ ਸੀ। ਨਾਲ ਆਏ ਰਿਸ਼ਤੇਦਾਰਾਂ ਉਸ ਨੂੰ ਸੰਭਾਲ ਰਹੇ ਸਨ।