ਪੀਐਮ ਨੂੰ ਪਟਿਆਲਾ ਜੇਲ੍ਹ ਵਿੱਚ ਬੰਦ ਰਾਜੋਆਣਾ ਨੇ ਲਿਖਿਆ ਪੱਤਰ, ਰਹਿਮ ਦੀ ਅਪੀਲ ''ਤੇ ਜਲਦੀ ਫੈਸਲੇ ਦੀ ਕੀਤੀ ਮੰਗ

ਪੀਐਮ ਨੂੰ ਪਟਿਆਲਾ ਜੇਲ੍ਹ ਵਿੱਚ ਬੰਦ ਰਾਜੋਆਣਾ ਨੇ ਲਿਖਿਆ ਪੱਤਰ, ਰਹਿਮ ਦੀ ਅਪੀਲ ''ਤੇ ਜਲਦੀ ਫੈਸਲੇ ਦੀ ਕੀਤੀ ਮੰਗ

ਪਟਿਆਲਾ ਕੇਂਦਰੀ ਜੇਲ੍ਹ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖਿਆ ਹੈ। 16 ਸਤੰਬਰ ਨੂੰ ਕੇਂਦਰੀ ਜੇਲ੍ਹ ਤੋਂ ਲਿਖੇ ਇਸ ਪੱਤਰ ਵਿੱਚ, ਰਾਜੋਆਣਾ ਨੇ ਆਪਣੀ ਫਾਂਸੀ ਦੀ ਸਜ਼ਾ ਨਾਲ ਸਬੰਧਤ ਰਹਿਮ ਦੀ ਅਪੀਲ 'ਤੇ ਜਲਦੀ ਫੈਸਲਾ ਲੈਣ ਦੀ ਮੰਗ ਕੀਤੀ ਹੈ।

ਰਾਜੋਆਣਾ ਨੇ ਲਿਖਿਆ ਕਿ ਉਹ ਪਿਛਲੇ 30 ਸਾਲਾਂ ਤੋਂ ਕੈਦ ਵਿੱਚ ਹੈ। ਉਹ ਲਗਭਗ 20 ਸਾਲਾਂ ਤੋਂ ਆਪਣੀ ਮੌਤ ਦੀ ਸਜ਼ਾ ਬਾਰੇ ਫੈਸਲੇ ਦੀ ਉਡੀਕ ਕਰ ਰਿਹਾ ਹੈ। ਉਸ ਨੇ ਦਾਅਵਾ ਕੀਤਾ ਕਿ ਉਸ ਦੀ ਮੌਤ ਦੀ ਸਜ਼ਾ ਸਬੰਧੀ ਅਪੀਲ ਲਗਭਗ 15 ਸਾਲਾਂ ਤੋਂ ਕੇਂਦਰ ਸਰਕਾਰ ਕੋਲ ਲੰਬਿਤ ਪਈ ਹੈ। ਰਾਜੋਆਣਾ ਨੇ ਪ੍ਰਧਾਨ ਮੰਤਰੀ ਤੋਂ ਸਵਾਲ ਕੀਤਾ ਕਿ ਇੰਨੇ ਲੰਬੇ ਸਮੇਂ ਬਾਅਦ ਵੀ ਕੋਈ ਫੈਸਲਾ ਕਿਉਂ ਨਹੀਂ ਲਿਆ ਜਾ ਰਿਹਾ ਹੈ।

ਪੜ੍ਹੋ ਰਾਜੋਆਣਾ ਨੇ ਚਿੱਠੀ ਵਿਚ ਕੀ ਲਿਖਿਆ

ਸਤਿਕਾਰ ਯੋਗ
ਪ੍ਰਧਾਨ ਮੰਤਰੀ ਸਾਹਿਬ ਜੀ 
ਸ੍ਰੀ ਨਰਿੰਦਰ ਮੋਦੀ ਜੀ
 ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਜੀ ਫਤਹਿ॥
ਸੱਭ ਤੋਂ ਪਹਿਲਾਂ ਮੈਂ ਸਰਬੱਤ ਦੇ ਭਲੇ ਲਈ ਉਸ ਅਕਾਲ-ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਮੋਦੀ ਜੀ ਮੈਂ ਪਿਛਲੇ 31 ਸਾਲਾਂ ਤੋਂ ਜੇਲ੍ਹ ਵਿੱਚ ਅਤੇ ਪਿੱਛਲੇ 20 ਸਾਲਾਂ ਤੋਂ ਫਾਂਸੀ ਦੀ ਚੱਕੀ ਵਿੱਚ ਬੈਠਾ ਆਪਣੇ ਹੋਣ ਵਾਲੇ ਫ਼ੈਸਲੇ ਦਾ ਇੰਤਜ਼ਾਰ ਕਰ ਰਿਹਾ ਹਾਂ। ਮੇਰੀ ਫਾਂਸੀ ਦੀ ਸਜ਼ਾ ਨਾਲ ਸਬੰਧਤ ਅਪੀਲ ਪਿਛਲੇ ਤਕਰੀਬਨ 15 ਸਾਲਾਂ ਤੋਂ ਤੁਹਾਡੀ ਸਰਕਾਰ ਕੋਲ ਵਿਚਾਰ ਅਧੀਨ ਹੈ। ਤੁਸੀਂ 2019 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ 'ਤੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਪਰ ਉਸ ਨੂੰ ਹੁਣ ਤੱਕ ਲਾਗੂ ਨਹੀਂ ਕੀਤਾ। ਦੇਸ਼ ਦੀ ਸੁਪਰੀਮ ਕੋਰਟ ਪਿਛਲੇ 6 ਸਾਲਾਂ ਤੋਂ ਤੁਹਾਨੂੰ ਇਸ ਅਪੀਲ 'ਤੇ ਫੈਸਲਾ ਲੈਣ ਲਈ ਵੀ ਆਰਡਰ ਜਾਰੀ ਕਰ ਰਹੀ ਹੈ ਪਰ ਤੁਹਾਡੀ ਸਰਕਾਰ ਫਿਰ ਵੀ ਇਸ ਅਪੀਲ 'ਤੇ ਫ਼ੈਸਲਾ ਨਹੀਂ ਕਰ ਰਹੀ। ਤੁਸੀਂ 2023 ਵਿੱਚ ਸੁਪਰੀਮ ਕੋਰਟ ਵਿੱਚ ਇਕ ਹਲਫਨਾਮਾ ਦਾਇਰ ਕਰਕੇ ਇਹ ਕਿਹਾ ਸੀ ਕਿ ਫੈਸਲਾ ਕਰਨ ਨਾਲ ਦੇਸ਼ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੋ ਜਾਵੇਗਾ।

ਜਿਹੜਾ ਇਨਸਾਨ ਪਿਛਲੇ 31 ਸਾਲਾਂ ਤੋਂ ਤੁਹਾਡੀ ਹਿਰਾਸਤ ਵਿਚ ਹੈ, ਜਿਸ ਦੀ ਪਲ-ਪਲ ਦੀ ਜਾਣਕਾਰੀ ਤੁਹਾਡੇ ਕੋਲ ਹੈ। ਫਿਰ ਵੀ ਤੁਸੀਂ ਕਹਿੰਦੇ ਹੋ ਕਿ ਇਸ ਦੀ ਅਪੀਲ 'ਤੇ ਫੈਸਲਾ ਕਰਨ ਨਾਲ ਦੇਸ਼ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੋ ਜਾਵੇਗਾ। ਕੀ ਦੇਸ਼ ਦੀ ਸੁਰੱਖਿਆ ਕਿੰਨੀ ਕਮਜ਼ੋਰ ਹੈ ਕਿ ਇੱਕ ਫੈਸਲੇ ਨਾਲ ਖ਼ਤਰੇ ਵਿੱਚ ਪੈ ਜਾਵੇਗੀ। ਤੁਹਾਡੀ ਇਸ ਦਲੀਲ 'ਤੇ ਕੋਈ ਵੀ ਯਕੀਨ ਨਹੀਂ ਕਰ ਪਾ ਰਿਹਾ। ਅਫਸੋਸ ਹੈ ਕਿ ਦੇਸ਼ ਦੀ ਸੁਪਰੀਮ ਕੋਰਟ ਵੀ ਪਿਛਲੇ 6 ਸਾਲਾਂ ਤੋਂ ਇਸ ਅਪੀਲ 'ਤੇ ਫੈਸਲਾ ਨਹੀਂ ਕਰਵਾ ਸਕੀ ਸਾਰਾ ਸੱਚ ਸਾਹਮਣੇ ਹੋਣ ਦੇ ਬਾਵਜੂਦ ਵੀ। ਤੁਹਾਡੇ ਸਰਕਾਰੀ ਤੰਤਰ ਅੱਗੇ ਦੇਸ਼ ਦੀ ਸੁਪਰੀਮ ਕੋਰਟ ਵੀ ਕਮਜ਼ੋਰ ਅਤੇ ਬੇਵੱਸ ਹੀ ਨਜ਼ਰ ਆ ਰਹੀ ਹੈ।

-ਮੋਦੀ ਜੀ, ਤੁਸੀ ਅਕਸਰ ਦੇਸ਼ ਦੀ ਪਾਰਲੀਮੈਂਟ ਵਿੱਚ ਖੜਕੇ ਅਤੇ ਆਪਣੀਆਂ ਚੋਣ ਰੈਲੀਆਂ ਵਿੱਚ ਇਹ ਗੱਲ ਕਹਿੰਦੇ ਹੋ ਕਿ ਜੂਨ 1984 ਵਿੱਚ ਕਾਂਗਰਸੀ ਹੁਕਮਰਾਨਾਂ ਵੱਲੋਂ ਰੂਹਾਨੀਅਤ ਦੇ ਕੇਂਦਰ "ਸ਼੍ਰੀ ਦਰਬਾਰ ਸਾਹਿਬ ਜੀ" ਤੇ ਟੈਂਕਾਂ ਅਤੇ ਤੋਪਾਂ ਨਾਲ ਹਮਲਾ ਕਰਕੇ "ਸ੍ਰੀ ਅਕਾਲ-ਤਖ਼ਤ "ਸਾਹਿਬ ਜੀ" ਨੂੰ ਢਹਿ ਢੇਰੀ ਕਰਨਾ, ਹਜ਼ਾਰਾਂ ਨਿਰਦੋਸ਼ ਸਰਧਾਲੂਆਂ ਦਾ ਕਤਲੇਆਮ , ਫਿਰ ਨਵੰਬਰ 1984 ਵਿੱਚ ਦੇਸ਼ ਦੀ ਰਾਜਧਾਨੀ ਵਿੱਚ ਅਤੇ ਦੇਸ਼ ਦੇ ਹੋਰ ਪ੍ਰਮੁੱਖ ਸ਼ਹਿਰਾਂ ਵਿੱਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਬਹੁਤ ਹੀ ਬੇਰਹਿਮੀ ਨਾਲ ਕੀਤਾ ਕਤਲੇਆਮ ਕਾਂਗਰਸੀ ਹੁਕਮਰਾਨਾਂ ਵੱਲੋ ਕੀਤੇ ਹੋਏ ਗੁਨਾਹ ਹਨ, ਪਾਪ ਹਨ।

-ਮੋਦੀ ਜੀ, ਤੁਸੀ ਵਿਦਵਾਨ ਹੋ, ਮੇਰੇ ਨਾਲੋ ਵੱਧ ਗਿਆਨ ਰੱਖਦੇ ਹੋ। ਸਾਡੇ ਗੁਰੂ ਸਹਿਬਾਨ ਜੀ ਨੇ ਆਪਣੀਆਂ ਸ਼ਹਾਦਤਾਂ ਦੇ ਕੇ, ਆਪਣਾ ਸਾਰਾ ਸਰਬੰਸ ਕੁਰਬਾਨ ਕਰਕੇ ਸਾਨੂੰ ਜ਼ਾਲਮਾਂ, ਪਾਪੀਆਂ ਅਤੇ ਗੁਨਾਹਗਾਰਾ ਦੇ ਖ਼ਿਲਾਫ਼ ਲੜਨ ਦੀ ਪ੍ਰੇਰਨਾ ਦਿੱਤੀ ਹੈ। ਸਿੱਖ ਧਰਮ 'ਤੇ ਹਮਲਾ ਕਰਨ ਵਾਲੇ ਅਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕਰਨ ਵਾਲੇ ਜ਼ਾਲਮਾਂ, ਪਾਪੀਆਂ ਅਤੇ ਗੁਨਾਹਗਾਰਾਂ ਦੇ ਖ਼ਿਲਾਫ਼ ਅਸੀਂ ਜੋ ਵੀ ਕਦਮ ਚੁੱਕੇ ਮੈਂ ਉਸ ਨੂੰ ਅਦਾਲਤ ਵਿੱਚ ਸਵੀਕਾਰ ਕਰ ਲਿਆ। ਆਪ ਭਰਾਵਾਂ ਵਰਗੇ ਦੋਸਤ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ, ਜੈ ਸਿੰਘ ਵਾਲਾ ਨੂੰ ਆਪਣੇ ਹੱਥਾਂ ਨਾਲ ਤਿਆਰ ਕਰਕੇ ਕੁਰਬਾਨੀ ਲਈ ਤੌਰ ਕੇ ਮੇਰੀ ਆਤਮਾ ਨੇ ਮੈਨੂੰ ਕਦੇ ਵੀ ਇਸ ਗੱਲ ਦੀ ਇਜ਼ਾਜਤ ਨਹੀਂ ਦਿੱਤੀ ਕਿ ਮੈਂ ਅਦਾਲਤ ਵਿੱਚ ਖੜਕੇ ਆਪਣੇ ਆਪ ਨੂੰ ਨਿਰਦੋਸ਼ ਕਹਾਂ। ਸਗੋਂ ਮੈਂ ਅਦਾਲਤ ਵਿੱਚ ਇਹ ਦੱਸਿਆ ਕਿ ਅਸੀਂ ਇਹ ਸਭ ਕਿਉਂ ਕੀਤਾ। ਮੈਂ ਆਮ ਅਪਰਾਧੀ ਦੀ ਤਰ੍ਹਾਂ ਆਪਣੇ ਕੀਤੇ ਹੋਏ ਕੰਮ ਤੋਂ, ਚੁੱਕੇ ਹੋਵੇ ਕਦਮਾਂ ਤੋਂ ਅਦਾਲਤ ਵਿੱਚ ਆ ਕੇ ਮੁਨਕਰ ਨਹੀ ਹੋਇਆ। ਅਦਾਲਤ ਨੇ 12 ਸਾਲ ਦੀ ਲੰਮੀ ਕਾਨੂੰਨੀ ਪ੍ਰਕ੍ਰਿਆ ਤੋਂ ਬਾਅਦ 31 ਜੁਲਾਈ 2007 ਨੂੰ ਮੈਨੂੰ ਮੌਤ ਦੀ ਸਜਾ ਸੁਣਾਈ, ਜਿਸ ਨੂੰ ਮੈਂ ਹੱਸ ਕੇ ਸਵੀਕਾਰ ਕਰ ਲਿਆ। ਪਾਪੀਆਂ, ਗੁਨਾਹਗਾਰਾਂ ਅਤੇ ਜ਼ਾਲਮਾਂ ਦੇ ਖ਼ਿਲਾਫ਼ ਕੌਮੀ ਇਨਸਾਫ਼ ਲਈ ਸੱਚ ਦੇ ਮਾਰਗ ਦੇ ਚੱਲਦੇ ਹੋਏ ਅਪਣੇ ਚੁੱਕੇ ਹੋਏ ਕਦਮਾਂ ਦੇ ਬਦਲੇ ਮੌਤ ਦੀ ਸਜ਼ਾ ਪਾਉਣ ਵਾਲਾ ਨਾਂ ਹੀ ਮੈਂ ਕੋਈ ਪਹਿਲਾਂ ਇਨਸਾਨ ਹਾਂ ਅਤੇ ਨਾ ਹੀ ਆਖਰੀ।

ਮੋਦੀ ਜੀ, ਮਾਰਚ 2012 ਨੂੰ ਚੰਡੀਗੜ੍ਹ ਦੀ ਸੈਸ਼ਨ ਜ਼ੋਰਟ ਨੇ ਮੇਰੇ ਡੈੱਥ ਵਰੰਟ ਜਾਰੀ ਕਰਕੇ ਮੈਨੂੰ 31 ਮਾਰਚ 2012 ਨੂੰ ਫਾਂਸੀ ਦੇਣ ਦੇ ਆਰਡਰ ਜਾਰੀ ਕਰ ਦਿੱਤੇ। ਮੈਂ ਇਸ ਫੈਸਲੇ ਨੂੰ ਵੀ ਹੱਸ ਕੇ ਸਵੀਕਾਰ ਕਰ ਲਿਆ। ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਆਦੇਸ਼ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੇਰੀ ਫਾਂਸੀ ਦੀ ਸਜ਼ਾ ਨੂੰ ਉਮਰਕੈਦ ਦੇ ਵਿੱਚ ਬਦਲਣ ਲਈ ਦੇਸ਼ ਦੇ ਰਾਸ਼ਟਰਪਤੀ ਜੀ ਕੋਲ ਅਪੀਲ ਦਾਇਰ ਕੀਤੀ ਗਈ। ਜਿਸ ਨੂੰ ਰਾਸ਼ਟਰਪਤੀ ਜੀ ਨੇ ਸਵੀਕਾਰ ਕਰਕੇ ਅਗਲੀ ਕਾਰਵਾਈ ਲਈ ਕੇਂਦਰੀ ਰਹਿ ਮੰਤਰਾਲੇ ਕੋਲ ਭੇਜ ਦਿੱਤਾ।

ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਅਪੀਲ 'ਤੇ ਕਾਰਵਾਈ ਕਰਦੇ ਹੋਏ 28 ਮਾਰਚ 2012 ਨੂੰ ਮੇਰੀ ਫਾਂਸੀ ਦੀ ਸਜ਼ਾ 'ਤੇ ਰੋਕ ਲਗਾ ਦਿੱਤੀ ਪਰ ਇਸ ਅਪੀਲ 'ਤੇ ਅੱਜ 15 ਸਾਲਾਂ ਬਾਅਦ ਵੀ ਤੁਸੀ ਕੋਈ ਫੈਸਲਾ ਨਹੀ ਕਰ ਰਹੇ। ਜਿਸ ਇਨਸਾਨ ਨੇ ਅਪਣੇ ਕੀਤੇ ਹੋਏ ਕੰਮ ਨੂੰ ਅਦਾਲਤ ਵਿੱਚ ਸਵੀਕਾਰ ਕਰ ਲਿਆ, ਉਸ ਦੇ ਬਦਲੇ ਮਿਲੀ ਮੌਤ ਦੀ ਸਜ਼ਾ ਨੂੰ ਹੱਸ ਕੇ ਸਵੀਕਾਰ ਕਰ ਲਿਆ ਹੋਵੇ। ਉਸ ਇਨਸਾਨ ਨੂੰ ਤੁਸੀਂ 31 ਸਾਲ ਜੇਲ੍ਹ ਵਿੱਚ ਅਤੇ 20 ਸਾਲਾਂ ਤੋ ਫਾਂਸੀ ਦੀ ਚੱਕੀ ਵਿੱਚ ਰੱਖ ਕੇ ਫੈਸਲੇ ਦਾ ਇੰਤਜਾਰ ਕਰਵਾ ਕੇ ਕਿਸ ਗੱਲ ਦਾ ਅਹਿਸਾਸ ਕਰਵਾਉਣਾ ਚਾਹੁੰਦੇ ਹੋ। ਇਹ ਗੱਲ ਮੈਨੂੰ ਅੱਜ ਤੱਕ ਸਮਝ ਨਹੀ ਲੱਗੀ ਕਿਉਂਕਿ ਤੁਸੀਂ ਮੈਨੂੰ ਪਿਛਲੇ 15 ਸਾਲਾਂ ਤੋਂ ਕਦੇ ਵੀ ਇਹ ਨਹੀਂ ਦੱਸਿਆ ਕਿ ਤੁਸੀਂ ਇਹ ਫੈਸਲਾ ਕਿਉ ਨਹੀਂ ਕਰ ਰਹੇ।

ਤੁਸੀ ਮੈਨੂੰ ਮੌਤ ਤੋਂ ਵੀ ਵੱਡੀ ਸਜ਼ਾ ਦੇਣ ਦਾ ਯਤਨ ਕਰ ਰਹੇ ਹੋ। ਫਾਂਸੀ ਦੀ ਚੱਕੀ ਵਿਚ ਬੈਠਾ ਕੇ ਜ਼ਿੰਦਗੀ ਬਾਰੇ ਸੋਚਣ ਲਈ ਕਹਿ ਰਹੇ ਹੋ। ਤੁਸੀ ਜਦੋਂ ਆਪਣੇ ਭਾਸ਼ਣਾਂ ਵਿੱਚ ਕਾਂਗਰਸੀ ਹੁਕਮਰਾਨਾਂ ਵੱਲੋਂ ਸਿੱਖ ਕੌਮ 'ਤੇ ਕੀਤੇ ਹੋਏ ਜ਼ੁਲਮਾਂ ਦੀ ਗੱਲ ਕਰਦੇ ਹੋ ਤਾਂ ਲੱਗਦਾ ਹੈ ਕਿ ਜ਼ੁਲਮ ਦਾ ਸ਼ਿਕਾਰ ਹੋਈ ਸਿੱਖ ਕੌਮ ਵਾਰੇ ਤੁਹਾਡੇ ਮਨ ਵਿੱਚ ਡੂੰਘੀ ਸੰਵੇਦਨਾ ਹੈ। ਪਰ ਜਦੋਂ ਅਸੀ ਤੁਹਾਡੀ ਸਰਕਾਰ ਦੇ ਫੈਸਲੇ ਦੇਖਦੇ ਹਾਂ ਕਿ ਕਿਥੇ ਤੁਸੀਂ ਨਿਰਦੋਸ਼ ਸਿੱਖ ਨੌਜਵਾਨਾਂ ਦੇ ਕਾਤਲਾਂ ਦੀਆਂ ਉਮਰ ਕੈਦਾਂ ਦੋ ਤਿੰਨ ਸਾਲ ਵਿੱਚ ਹੀ ਪੂਰੀਆਂ ਕਰ ਦਿੰਦੇ ਹੋ, ਕਾਤਲਾਂ ਬਲਾਤਕਾਰੀਆਂ ਨੂੰ ਹਰ ਰੋਜ਼ ਪੈਰੋਲਾਂ ਦੇ ਦਿੰਦੇ ਹੋ ਤਾਂ ਲੱਗਦਾ ਹੈ ਕਿ ਤੁਹਾਡੀ ਕਹਿਣੀ ਅਤੇ ਕਰਣੀ ਵਿਚ ਬਹੁਤ ਅੰਤਰ ਹੈ।

ਮੋਦੀ ਜੀ ਜਿਥੋਂ ਤੱਕ ਦੇਸ਼ ਦੀ ਸੁਰੱਖਿਆ ਨੂੰ ਖਤਰੇ ਵਾਲੀ ਗੱਲ ਹੈ। ਮੈਂ ਤਾਂ ਆਮ ਇਨਸਾਨ ਹਾਂ ਜਿਸ ਦੇ ਅੱਗੇ ਪਿੱਛੇ ਕੋਈ ਨਹੀਂ ਹੈ। ਉਸ ਤੋਂ ਦੇਸ਼ ਦੀ ਸੁਰੱਖਿਆ ਨੂੰ ਕਾਹਦਾ ਖ਼ਤਰਾ। ਇਹ ਖ਼ਤਰਾ ਤਾਂ ਤੁਹਾਡੀਆਂ ਹੀ ਏਜੰਸੀਆਂ ਨੇ ਆਪ ਹੀ ਖੜਾ ਕੀਤਾ ਹੋਇਆ ਹੈ। ਸੱਚ ਤਾਂ ਇਹ ਹੈ ਕਿ ਜਿੰਨਾਂ ਵੀ ਇਹ ਖਾਲਿਸਤਾਨ ਦਾ ਰੌਲਾ ਰੱਪਾ ਹੈ, ਇਹ ਸਾਰਾ ਤੁਹਾਡੀਆਂ ਹੀ ਏਜੰਸੀਆ ਦਾ ਪਾਇਆ ਹੋਇਆ ਹੈ। ਇਹ ਰੌਲਾ ਪਾਉਣ ਵਾਲੇ 95% ਲੋਕ ਤੁਹਾਡੇ ਤਨਖਾਹਦਾਰ ਕਰਿੰਦੇ ਹਨ, ਦਿੱਲੀ ਤੋਂ ਤਨਖਾਹ ਲੈਦੇ ਹਨ। ਆਮ ਲੋਕ ਇਨ੍ਹਾਂ ਦੀਆਂ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਹ ਗੱਲ ਸੱਚ ਹੈ ਕਿ ਤੁਹਾਰੀਆਂ ਏਜੰਸੀਆਂ ਦੀ ਤਾਕਤ ਇੰਨੀ ਵੱਡੀ ਹੈ ਕਿ ਤੁਸੀਂ ਕਿਤੇ ਦੀ ਕੋਈ ਵੀ ਕਲਾ ਵਰਤਾ ਸਕਦੇ ਹੋ। ਤੁਹਾਤੀ ਇਹ ਸ਼ਕਤੀ ਜਦੋਂ ਚਾਹੇ ਕਿਸੇ ਵੀ ਆਮ ਵਿਆਕਤੀ ਨਾਲ ਰਾਤੋ ਰਾਤ ਮਰਸਡੀਜ਼ ਗੱਡੀਆਂ ਦੇ ਕਾਫਲੇ ਤੌਰ ਕੇ ਉਸ ਨੂੰ ਕੌਮ ਦਾ ਨੇਤਾ ਬਣਾ ਦੇਣ, ਤੁਹਾਡੀ ਇਹ ਸ਼ਕਤੀ ਜਦੋਂ ਆਪਣੀ ਕਲਾ  ਵਰਤਾਉਂਦੀ ਹੈ ਤਾਂ ਲਾਲ ਕਿਲੇ 'ਤੇ ਵੀ ਕੇਸਰੀ ਝੰਡੇ ਝੁੱਲਣ ਲੱਗ ਜਾਂਦੇ ਹਨ। ਤੁਹਾਡੀ ਇਹ ਸਕਤੀ ਜਦੋਂ ਆਪਣੀ ਕਲਾ ਵਰਤਾਉਂਦੀ ਹੈ ਤਾਂ ਜਿਥੇ ਝੂਠੀ ਭੁੱਖ ਹੜਤਾਲ ਨੂੰ ਕੌਮ ਦਾ ਸੰਘਰਸ਼ ਬਣਾ ਦਿੰਦੀ ਹੈ, ਧਾਰਮਿਕ ਲੋਕਾਂ ਤੋਂ ਉਨ੍ਹਾਂ ਨੂੰ ਅਸ਼ੀਰਵਾਦ ਵੀ ਦਿਵਾ ਦਿੰਦੀ ਹੈ। 

 ਤੁਹਾਡੀ ਇਹ ਸ਼ਕਤੀ ਜਦੋਂ ਚਾਹੇ ਕਿਸੇ ਐਕਸੀਡੈਂਟ ਵਿੱਚ ਮਰੇ ਵਿਅਕਤੀ ਨੂੰ ਕੌਮੀ ਸ਼ਹੀਦ ਬਣਾ ਕੇ ਆਪਣੀ ਕਲਾ ਵਰਤਾ ਦਿੰਦੀ ਹੈ। ਤੁਹਾਡੀ ਇਹ ਸ਼ਕਤੀ ਪੰਜਾਬ ਵਿੱਚ ਝੂਠ, ਧੋਖੇ ਅਤੇ ਫਰੇਬ ਨੂੰ ਸਥਾਪਤ ਕਰਨ ਲਈ ਆਪਣੀ ਕਲਾ ਕਿਉਂ ਵਰਤਾ ਰਹੀ ਹੈ। ਇਹ ਗੱਲ ਮੈਨੂੰ ਸਮਝ ਨਹੀਂ ਲੱਗਦੀ। ਆਖਿਰ -ਗੁਰੂਆਂ, ਪੀਰਾਂ ਦੀ ਧਰਤੀ 'ਤੇ ਵੱਸਦੇ ਲੋਕਾਂ ਨੇ ਤੁਹਾਡਾ ਕੀ ਵਿਗਾੜਿਆ ਹੈ। ਕਿਉ ਤੁਸੀਂ ਪੀੜੀ ਦਰ ਪੀੜੀ ਸੜਕਾਂ 'ਤੇ ਘੁਮਾ ਦੇ ਥਕਾ ਰਹੇ ਹੋ। ਜਿਹੜੇ ਲੋਕ ਤੁਹਾਡੇ ਤੋਂ ਕੀਮਤ ਲੈ ਕੇ ਆਪਣੀ ਕੌਮ ਨਾਲ ਧੋਖਾ ਕਰ ਸਕਦੇ ਹਨ, ਉਹ ਕਿਸੇ ਹੋਰ ਤੋਂ ਕੀਮਤ ਲੈ ਕੇ ਦੇਸ਼ ਨਾਲ ਵੀ ਧੋਖਾ ਕਰ ਸਕਦੇ ਹਨ। ਜੋ ਕੁਝ 80 ਦੇ ਦਹਾਕੇ ਵਿੱਚ ਕਾਂਗਰਸੀ ਹੁਕਮਰਾਨਾਂ ਨੇ ਕੀਤਾ, ਅੱਜ ਤੁਹਾਡੀ ਇਹ ਸ਼ਕਤੀ ਇਸ ਧਰਤੀ 'ਤੇ ਫਿਰ ਤੋਂ ਉਹੀ ਕੁੱਝ ਕਰਨ ਦਾ ਯਤਨ ਕਰ ਰਹੀ ਹੈ।

ਜਿਸ ਰਸਤੇ ਦੀ ਕੋਈ ਮੰਜਿਲ ਹੀ ਨਹੀ ਹੈ, ਤੁਸੀਂ ਉਸ ਰਸਤੇ 'ਤੇ ਨੌਜਵਾਨਾ ਨੂੰ ਤੋਰਨ ਦਾ ਯਤਨ ਕਿਉਂ ਕਰ ਰਹੇ ਹੋ। ਇੰਨਾਂ ਸਾਜ਼ਿਸ਼ਾਂ ਨੇ ਪਹਿਲਾਂ ਹੀ ਲੱਖਾਂ ਨਿਰਦੋਸ਼ ਲੋਕਾਂ ਦੀ ਜਾਨ ਲੈ ਲਈ, ਹਜ਼ਾਰਾਂ ਪਰਿਵਾਰ ਉਜਾੜ ਦਿੱਤੇ। ਜਿਥੇ ਤੁਹਾਡੀ ਇਹ ਸ਼ਕਤੀ ਇੱਕ ਦੇਸ਼ ਭਗਤ ਕੌਮ ਦੇ ਨੌਜਵਾਨਾਂ ਦੇ ਮਨਾਂ ਵਿੱਚ ਵੱਖਵਾਦ ਦਾ ਜ਼ਹਿਰ ਭਰ ਰਹੀ ਹੈ। ਫਿਰ ਤੁਸੀ ਆਪ ਹੀ ਸਮਾਜ ਵਿੱਚ ਡਰ ਦਾ ਮਾਹੌਲ ਪੈਦਾ ਕਰਕੇ, ਇਸ ਜ਼ਹਿਰ ਦਾ ਇਲਾਜ ਕਰਨ ਵਾਲੇ ਡਾਕਟਰ ਵੀ ਆਪ ਹੀ ਬਣੋਗੇ ਅਤੇ ਇੱਕ ਖਾਸ ਵਰਗ ਦੀਆਂ ਵੋਟਾਂ ਲੈਣ ਦਾ ਜਤਨ ਕਰੋਗੇ। ਤੁਹਾਡੇ ਇਹ ਤਨਖਾਹਦਾਰ ਆਖੌਤੀ ਖਾਲਿਸਤਾਨੀ ਹਰ ਰੋਜ਼ ਅਜ਼ਾਦੀ ਦੇ ਮਾਰਚ ਕੱਢਦੇ ਹਨ, ਖਾਲਿਸਤਾਨ ਦੇ ਨਾਮ 'ਤੇ ਚੋਣਾਂ ਲੜਦੇ ਹਨ। ਫਿਰ ਵੀ ਇੰਨਾਂ ਨੂੰ ਸਾਰੇ ਦੇਸ਼ਾਂ ਦੇ ਵੀਜ਼ੇ ਬੜੀ ਆਸਾਨੀ ਨਾਲ ਮਿਲ ਜਾਂਦੇ। ਵੱਖ-ਵੱਖ ਦੇਸ਼ਾਂ ਵਿੱਚ ਆਜ਼ਾਦੀ ਦੇ ਸੈਮੀਨਾਰ ਕਰਕੇ ਫਿਰ ਇਥੇ ਆ ਕੇ ਸਮਾਜ ਵਿੱਚ ਇੱਜ਼ਤ ਨਾਲ ਵਿਚਰਦੇ ਹਨ, ਵੱਡੇ-2 ਕਾਰੋਬਾਰ ਕਰਦੇ ਹਨ। ਜਿਵੇਂ ਇਹ ਸਾਰੇ ਤੁਹਾਡੇ ਹੀ ਦੂਤ ਹੋਣ। ਦੂਜੇ ਪਾਸੇ ਜਦੋਂ ਕੋਈ ਆਮ ਵਿਆਕਤੀ ਕਿਸੇ ਕੰਧ 'ਤੇ ਖਾਲਿਸਤਾਨ ਦਾ ਨਾਹਰਾ ਲਿਖ ਦੇਵੇ ਤਾਂ ਉਸ ਨੂੰ ਗ੍ਰਿਫ਼ਤਾਰ ਕਰਕੇ ਉਸ 'ਤੇ ਕੇਸ ਪਾ ਕੇ ਉਸ ਨੂੰ ਸੜਨ ਲਈ ਜੇਲ ਵਿੱਚ ਭੇਜ ਦਿੱਤਾ ਜਾਂਦਾ ਹੈ। 

ਤੁਸੀਂ ਪੰਜਾਬ ਦੀ ਧਰਤੀ 'ਤੇ ਕਲਾ ਵਰਤਾਉਣ ਵਾਲੇ ਇਹ ਲੋਕ ਧਾਰਮਿਕ ਅਤੇ ਪੰਥਕ ਮਾਖੌਟੇ ਵਿਚ ਵੱਡੀ ਪੱਧਰ 'ਤੇ ਸਥਾਪਤ ਕੀਤੇ ਹੋਏ ਹਨ। ਜਿਹੜੇ ਘੁਣ ਵਾਂਗ ਪੰਥਕ ਸ਼ਕਤੀ  ਨੂੰ ਕਮਜ਼ੋਰ ਕਰਨ ਲਈ ਅਤੇ ਵੰਡਣ ਲਈ ਲੱਗੇ ਰਹਿੰਦੇ ਹਨ। ਇਹ ਕਲਾ ਵਰਤਾਉਣ ਦੀ ਸ਼ਕਤੀ ਹਰੇਕ ਰਾਜੇ ਕੋਲ ਹੁੰਦੀ ਹੈ। ਇਹ ਉਸ ਰਾਜੇ 'ਤੋ ਹੀ ਨਿਰਭਰ ਕਰਦਾ ਹੈ ਕਿ ਉਹ ਆਪਣੀ ਇਸ ਸ਼ਕਤੀ ਨੂੰ ਲੋਕਾਂ ਨੂੰ ਘੁੰਮਣਘੇਰੀ ਵਿੱਚ ਪਾ ਕੇ ਆਪਣਾ ਰਾਜ ਸਥਾਪਤ ਕਰਨ ਲਈ ਵਰਤਦਾ ਹੈ ਜਾਂ ਲੋਕਾਂ ਦੇ ਭਲੇ ਲਈ ਅਤੇ ਦੇਸ਼ ਹਿੱਤ ਵਿੱਚ ਵਰਤਦਾ ਹੈ| ਇਹ ਸਾਜ਼ਿਸ਼ਾਂ ਲੋਕਾਂ ਨੂੰ ਹੌਕੇ, ਹਾਵੇ ਅਤੇ ਸਿਸਕੀਆਂ ਤੋਂ ਇਲਾਵਾ ਕੁਝ ਨਹੀਂ ਦਿੰਦੀਆਂ। ਇਨ੍ਹਾਂ ਸਾਜ਼ਿਸ਼ਾਂ ਨੇ ਮੇਰੇ ਹੱਸਦੇ ਵੱਸਦੇ ਪੰਜਾਬ ਨੂੰ ਪਹਿਲਾਂ ਹੀ ਕਰਜ਼ਈ ਅਤੇ ਨਿਸ਼ੇੜੀ ਬਣਾ ਦਿੱਤਾ ਹੈ। ਮੇਰੇ ਕੇਸ ਦਾ ਫੈਸਲਾ ਕਰਨ ਨਾਲ ਕੋਈ ਮਾਹੌਲ ਖ਼ਰਾਬ ਨਹੀਂ ਹੋਵੇਗਾ, ਇਹ ਖ਼ਤਰੇ ਵਾਲਾ ਵਰਤਾਰਾ ਸਾਰਾ ਤੁਹਾਡਾ ਆਪਣਾ ਹੀ ਹੈ।

ਮੋਦੀ ਜੀ ਤੁਸੀ ਪਹਿਲਗਾਮ ਵਿੱਚ ਧਰਮ ਪੁੱਛ ਕੇ ਬਹੁਤ ਹੀ ਬੇਰਹਿਮੀ ਨਾਲ ਕਤਲ ਕੀਤੇ ਗਏ 28 ਹਿੰਦੂਆਂ ਦਾ ਬਦਲਾ ਲੈਣ ਲਈ ਅਪਰੇਸ਼ਨ ਸੰਧੂਰ ਰਾਹੀਂ ਪਾਕਿਸਤਾਨ 'ਤੇ ਹਮਲਾ ਕਰਕੇ ਇਸ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ। ਫਿਰ ਦਿੱਲੀ ਦੀਆਂ ਗਲੀਆਂ ਵਿੱਚ ਧਰਮ ਪੁੱਛ ਕੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ, ਬੀਬੀਆਂ ,ਬੱਚਿਆਂ ਅਤੇ ਬਜੁਰਗਾਂ ਦਾ ਬਦਲਾ ਲੈਣ ਲਈ ਜੇਕਰ ਸਿੱਖ ਨੌਜਵਾਂਨਾਂ ਨੇ ਹਥਿਆਰ ਚੁੱਕ ਲਏ ਅਤੇ ਪਾਪੀਆਂ ਤੋਂ ਬਦਲਾ ਲੈ ਲਿਆ, ਫਿਰ ਉਹ ਅੱਤਵਾਦੀ ਕਿਵੇਂ ਹੋਏ, ਤੁਹਾਡਾ ਬਦਲਾ ਦੇਸ਼ ਭਗਤੀ ਅਤੇ ਸਾਡਾ ਬਦਲਾ ਅੱਤਵਾਦੀ ਕਾਰਵਾਈ  ਕਿਵੇਂ ਹੋ ਗਿਆ?

ਮੋਦੀ ਜੀ, ਇਸ ਧਰਤੀ 'ਤੇ ਵੱਸਦੇ ਲੋਕਾਂ ਨੇ ਪਹਿਲਾਂ 1947 ਦਾ ਦਰਦ ਸਹਿਣ ਕੀਤਾ, ਫਿਰ 1984 ਦਾ ਸੰਤਾਪ ਭੋਗਿਆ ਹੈ। ਜਿਸ ਤੋਂ ਇਹ ਲੋਕ ਅਜੇ ਤੱਕ ਬਾਹਰ ਨਹੀ ਆ ਸਕੇ। ਹੁਣ ਇਥੇ ਵਸਣ ਵਾਲੇ ਹੋਰ ਸਾਜ਼ਿਸ਼ਾਂ ਨਹੀਂ ਚਾਹੁੰਦੇ। ਇਸ ਦੇਸ਼ ਵਿੱਚ ਬਹੁਤ ਲੋਕ ਤੁਹਾਡਾ ਸਨਮਾਨ ਕਰਦੇ ਹਨ । ਤੁਹਾਨੂੰ ਰਾਜਨੀਤਕ ਆਗੂ ਦੇ ਨਾਲ ਧਾਰਮਿਕ ਆਗੂ ਵੀ ਮੰਨਦੇ ਹਨ। ਪੰਜਾਬ ਦੀ ਧਰਤੀ 'ਤੇ ਚੱਲ ਰਿਹਾ ਇਹ ਕਲਾ ਵਰਤਾਉਣ ਵਾਲਾ ਵਰਤਾਰਾ ਅਤੇ ਸਾਜ਼ਿਸ਼ਾਂ ਤੁਹਾਡੇ ਕਿਰਦਾਰ ਨਾਲ ਮੇਲ ਨਹੀਂ ਖਾਂਦੀਆਂ । ਆਮ ਲੋਕਾਂ ਦਾ ਜੀਵਨ ਪਹਿਲਾਂ ਹੀ ਬਹੁਤ ਮੁਸਕਿਲ ਹਾਲਾਤ ਵਿੱਚੋਂ ਗੁਜਰ ਰਿਹਾ ਹੈ। ਉਹ ਤੁਹਾਡੇ ਤੋਂ ਕੁਝ ਚੰਗੇ ਦੀ ਉਮੀਦ ਕਰਦੇ ਹਨ। ਜੇਕਰ ਤੁਸੀਂ ਇਸ ਧਰਤੀ 'ਤੇ ਰਾਜ ਕਰਨਾ ਵੀ ਚਾਹੁੰਦੇ ਹੋ ਤਾਂ ਲੋਕਾਂ ਦਾ ਵਿਸ਼ਵਾਸ ਅਤੇ ਦਿਲ ਜਿੱਤ ਦੇ ਕਰੋ ਕਿ ਨਾ ਕਿ ਕਲਾ ਵਰਤਾ ਕੇ ਨਹੀਂ।

ਇਸ ਲਈ ਮੇਰੀ ਆਪ ਜੀ ਨੂੰ ਇਹ ਬੇਨਤੀ ਹੈ ਕਿ ਜਿਹੜੀ ਅਪੀਲ ਦੇਸ਼ ਦੇ ਰਾਸ਼ਟਰਪਤੀ ਨੇ ਸਵੀਕਾਰ ਕਰ ਲਈ ਸੀ, ਉਹ ਅਪੀਲ ਪਿਛਲੇ 15 ਸਾਲਾਂ ਤੋਂ ਤੁਹਾਡੇ ਫ਼ੈਸਲੇ ਦੀ ਉਡੀਕ ਕਰ ਰਹੀ ਹੈ। ਇਸ 'ਤੇ ਤੁਸੀਂ ਜੋ ਦੀ ਫ਼ੈਸਲਾ ਲੈਣਾ ਚਾਹੁੰਦੇ ਹੋ ਉਹ ਜਲਦੀ ਲਿਆ ਜਾਵੇ। ਜੇਕਰ ਤੁਸੀਂ ਮੈਨੂੰ ਮਾਰ ਕੇ ਆਪਣੀ ਕੋਈ ਦੋਸਤੀ ਨਿਭਾਉਣਾ ਚਾਹੁੰਦੇ ਹੋ, ਆਪਣਾ ਕੋਈ ਚਾਅ ਪੂਰਾ ਕਰਨਾ ਚਾਹੁੰਦੇ ਹੋ। ਬੇਸ਼ੱਕ ਉਹ ਵੀ ਕਰ ਲਵੋ। ਇਸ ਲਈ ਜਲਦ ਤੋਂ ਜਲਦ ਆਪਣਾ ਫੈਸਲਾ ਸੁਣਾਓ। ਮੈਂ ਤਾਂ ਆਖਰੀ ਸਾਹ ਤੱਕ ਆਪਣੀ ਧਰਤੀ ਪ੍ਰਤੀ ਅਤੇ ਆਪਣੀ ਕੌਮ ਪ੍ਰਤੀ ਆਪਣੇ ਫਰਜ਼ ਅਦਾ ਕਰਦਾ ਰਹਾਂਗਾ, ਤੁਹਾਡੀਆਂ ਸੱਤਾ ਪ੍ਰਾਪਤ ਕਰਨ ਲਈ ਵਰਤਾਈਆਂ ਜਾਂਦੀਆ ਕਲਾਵਾਂ ਤੋਂ ਲੋਕਾਂ ਨੂੰ ਸੁਚੇਤ ਕਰਦਾ  ਰਹਾਂਗਾ।
16-9-2026
               31 ਸਾਲਾਂ ਤੋਂ ਜੇਲ੍ਹ ਅਤੇ 20 ਸਾਲਾਂ ਤੋਂ ਫਾਂਸੀ ਦੀ ਚੱਕੀ ਵਿੱਚ ਬੈਠਾ 
                              ਤੁਹਾਡੇ ਫੈਸਲੇ ਦੇ ਇੰਤਜ਼ਾਰ ਵਿੱਚ 
                               ਬਲਵੰਤ ਸਿੰਘ ਰਾਜੋਆਣਾ
                          ਕੇਂਦਰੀ ਜੇਲ ਪਟਿਆਲਾ 
                                     ਪੰਜਾਬ