- Updated: June 28, 2025 02:29 PM
ਇੱਥੇ ਸੈਕਟਰ-17 ਥਾਣਾ ਪੁਲਸ ਨੇ ਮੋਹਾਲੀ ਦੇ ਬਲੌਂਗੀ ਦੀ ਰਹਿਣ ਵਾਲੀ ਇਕ ਔਰਤ ਅਤੇ ਹੋਰਨਾਂ ਦੀ ਸ਼ਿਕਾਇਤ ’ਤੇ ਸੈੱਟਅਪ ਵਰਲਡ ਟ੍ਰੈਵਰ ਕੰਪਨੀ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਪੀੜਤ ਨੇ ਦੋਸ਼ ਲਾਇਆ ਕਿ ਉਸ ਨੇ ਵਿਦੇਸ਼ ਜਾਣਾ ਸੀ। ਇਸ ਦੇ ਲਈ ਉਸ ਨੇ ਸੈਕਟਰ-17ਡੀ ਸਥਿਤ ਇਕ ਐੱਸ. ਸੀ. ਓ. ਦੇ ਚੌਥੀ ਮੰਜ਼ਿਲ ’ਤੇ ਮੌਜੂਦ ਸੈੱਟਅਪ ਵਰਲਡ ਟ੍ਰੈਵਲ ਨਾਲ ਸੰਪਰਕ ਕੀਤਾ ਸੀ।
ਦੋਸ਼ਾਂ ਦੇ ਤਹਿਤ ਉੱਥੇ ਮੌਜੂਦ ਸੰਚਾਲਕਾਂ ਅਤੇ ਸਟਾਫ਼ ਨੇ ਉਸ ਨੂੰ ਭਰੋਸਾ ਦਿਵਾਇਆ ਕਿ ਉਹ ਸਾਰੇ ਲੋਕਾਂ ਦਾ ਵੀਜ਼ਾ ਲਗਵਾ ਕੇ ਵਿਦੇਸ਼ ਭੇਜ ਦੇਣਗੇ। ਇਸ ਦੇ ਬਦਲੇ ਮੁਲਜ਼ਮਾਂ ਨੇ ਉਸ ਤੋਂ 24 ਲੱਖ 80 ਹਜ਼ਾਰ ਰੁਪਏ ਲੈ ਲਏ। ਇਸ ਦੇ ਬਾਵਜੂਦ ਵੀ ਨਾਂ ਤਾਂ ਉਨ੍ਹਾਂ ਨੇ ਵੀਜ਼ਾ ਉਪਬੱਲਧ ਕਰਵਾਇਆ ਅਤੇ ਨਾ ਹੀ ਪੈਸੇ ਵਾਪਸ ਕੀਤੇ।
ਜਿਸ ਤੋਂ ਬਾਅਦ ਪੀੜਤ ਔਰਤ ਸਣੇ ਹੋਰਨਾਂ ਨੇ ਮੁਲਜ਼ਮ ਪੰਜਾਬ ਦੇ ਨਵਾਂਸ਼ਹਿਰ ਦੇ ਰਹਿਣ ਵਾਲੇ ਨੀਲ ਕੁਮਾਰ, ਮੈਨੇਜਰ ਕੁਲਦੀਪ ਸਿੰਘ ਵੋਹਰਾ, ਐੱਚ. ਓ. ਡੀ. ਅਭੈ ਅਤੇ ਹੋਰਨਾਂ ਦੇ ਖ਼ਿਲਾਫ਼ ਠੱਗੀ ਦੀ ਸ਼ਿਕਾਇਤ ਦਰਜ ਕਰਵਾਈ। ਪੀੜਤ ਧਿਰ ਦੀ ਸ਼ਿਕਾਇਤ ’ਤੇ ਸੈਕਟਰ-17 ਥਾਣਾ ਪੁਲਸ ਨੇ ਮੁਲਜ਼ਮਾਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।