- Updated: June 11, 2025 12:29 PM
ਆਦਮਪੁਰ ਏਅਰਪੋਰਟ ਤੋਂ 2 ਜੁਲਾਈ ਤੋਂ ਇੰਡੀਗੋ ਏਅਰਲਾਈਨਜ਼ ਦੀ ਨਵੀਂ ਫਲਾਈਟ ਸੇਵਾ ਸ਼ੁਰੂ ਹੋਣ ਜਾ ਰਹੀ ਹੈ। ਇਹ ਨਵੀਂ ਸੁਵਿਧਾ ਖ਼ਾਸ ਕਰ ਕੇ ਪੰਜਾਬ ਦੇ ਯਾਤਰੀਆਂ ਲਈ ਵੱਡੀ ਰਾਹਤ ਲੈ ਕੇ ਆਈ ਹੈ। ਇੰਡੀਗੋ ਦੀ ਇਹ ਫਲਾਈਟ ਆਦਮਪੁਰ ਤੋਂ ਮੁੰਬਈ ਲਈ ਸਿੱਧੀ ਉਡਾਣ ਭਰੇਗੀ ਅਤੇ ਇਸ ਤੋਂ ਅੱਗੇ ਕੌਮਾਂਤਰੀ ਮੰਜ਼ਿਲਾਂ ਜਿਵੇਂ ਐਮਸਟਰਡਮ ਨੀਂਦਰਲੈਂਡ (ਯੂਰਪ) ਅਤੇ ਮੈਨਚੈਸਟਰ (ਇੰਗਲੈਂਡ) ਲਈ ਆਸਾਨ ਪਹੁੰਚ ਪ੍ਰਦਾਨ ਕਰੇਗੀ।
ਇਸ ਫਲਾਈਟ ਦੀ ਸ਼ੁਰੂਆਤ ਦੇ ਨਾਲ ਹੀ ਹੁਣ ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਯੂਰਪ ਅਤੇ ਇੰਗਲੈਂਡ ਜਾਣ ਵਾਲੇ ਯਾਤਰੀਆਂ ਨੂੰ ਦਿੱਲੀ ਜਾਂ ਅੰਮ੍ਰਿਤਸਰ ਜਾਣ ਦੀ ਲੋੜ ਨਹੀਂ ਹੋਵੇਗੀ। ਆਦਮਪੁਰ ਏਅਰਪੋਰਟ ਤੋਂ ਸਿੱਧਾ ਮੁੰਬਈ ਅਤੇ ਫਿਰ ਉਥੋਂ ਯੂਰਪ ਅਤੇ ਇੰਗਲੈਂਡ ਦੀਆਂ ਵੱਡੀਆਂ ਉਡਾਣਾਂ ਨਾਲ ਸਫ਼ਰ ਆਸਾਨ ਹੋ ਜਾਵੇਗਾ। ਸਪੈਸ਼ਲ ਫੇਅਰ ਆਫਰ ਇੰਡੀਗੋ ਅਤੇ ਉਸ ਦੇ ਕੋਡ-ਸ਼ੇਅਰ ਪਾਰਟਨਰ ਵੱਲੋਂ ਯੂਰਪ ਅਤੇ ਇੰਗਲੈਂਡ ਲਈ ਖਾਸ ਕਿਰਾਇਆ ਆਫ਼ਰ ਵੀ ਜਾਰੀ ਕੀਤਾ ਗਿਆ ਹੈ, ਜੋ ਆਦਮਪੁਰ ਤੋਂ ਉਪਲੱਬਧ ਹੈ। ਇਸ ਆਫ਼ਰ ਦਾ ਲਾਭ ਚੁੱਕ ਕੇ ਯਾਤਰੀ ਘੱਟ ਕਿਰਾਏ ’ਚ ਯੂਰਪ ਅਤੇ ਇੰਗਲੈਂਡ ਦੀ ਯਾਤਰਾ ਕਰ ਸਕਦੇ ਹਨ।
ਵਿਦੇਸ਼ਾਂ ਵਿਚ ਵਸੇ ਪੰਜਾਬੀਆਂ, ਵਪਾਰੀਆਂ, ਪੜ੍ਹਾਈ ਜਾਂ ਟੂਰਿਜ਼ਮ ਲਈ ਜਾਣ ਵਾਲੇ ਲੋਕਾਂ ਨੂੰ ਇਸ ਨਵੀਂ ਕੁਨੈਕਟੀਵਿਟੀ ਤੋਂ ਬਹੁਤ ਫਾਇਦਾ ਮਿਲੇਗਾ। ਹੁਣ ਉਨ੍ਹਾਂ ਨੂੰ ਲੰਬੇ ਸਫ਼ਰ ਜਾਂ ਵੱਡੇ ਹਵਾਈ ਅੱਡਿਆਂ ’ਤੇ ਰੁਕਣ ਦੀ ਪ੍ਰੇਸ਼ਾਨੀ ਨਹੀਂ ਉਠਾਉਣੀ ਪਵੇਗੀ। ਖ਼ਾਸ ਕਰਕੇ ਬਜ਼ੁਰਗ ਯਾਤਰੀਆਂ ਅਤੇ ਫਸਟ ਟਾਈਮ ਫਲਾਇਰਜ਼ ਲਈ ਇਹ ਸੇਵਾ ਬੇਹੱਦ ਆਰਾਮਦਾਇਕ ਸਾਬਿਤ ਹੋਵੇਗੀ।