ਸਾਬਕਾ ਅੰਤਰਰਾਸ਼ਟਰੀ ਹਾਕੀ ਖਿਡਾਰੀ ਰਾਜੀਵ ਮਿਸ਼ਰਾ ਦਾ ਹੋਇਆ ਦਿਹਾਂਤ,ਰਹੱਸਮਈ ਹਾਲਾਤ ''ਚ ਘਰ ''ਚੋਂ ਮਿਲੀ ਲਾਸ਼

ਸਾਬਕਾ ਅੰਤਰਰਾਸ਼ਟਰੀ ਹਾਕੀ ਖਿਡਾਰੀ ਰਾਜੀਵ ਮਿਸ਼ਰਾ ਦਾ ਹੋਇਆ ਦਿਹਾਂਤ,ਰਹੱਸਮਈ ਹਾਲਾਤ ''ਚ ਘਰ ''ਚੋਂ ਮਿਲੀ ਲਾਸ਼

ਸਾਬਕਾ ਅੰਤਰਰਾਸ਼ਟਰੀ ਹਾਕੀ ਖਿਡਾਰੀ ਰਾਜੀਵ ਮਿਸ਼ਰਾ ਵੀਰਵਾਰ ਰਾਤ ਨੂੰ ਵਾਰਾਣਸੀ ਦੇ ਸ਼ਿਵਪੁਰ ਦੇ ਨਰਾਇਣਪੁਰ ਪਿੰਡ 'ਚ ਆਪਣੇ ਘਰ 'ਚ ਮ੍ਰਿਤਕ ਪਾਏ ਗਏ। ਬਦਬੂ ਆਉਣ 'ਤੇ ਆਲੇ-ਦੁਆਲੇ ਦੇ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ। 1997 ਦੇ ਜੂਨੀਅਰ ਵਿਸ਼ਵ ਕੱਪ 'ਚ ਨੌਂ ਗੋਲ ਕਰਨ ਵਾਲੇ ਰਾਜੀਵ ਨੂੰ ਉਸ ਸਮੇਂ ਭਾਰਤੀ ਹਾਕੀ ਦਾ ਅਗਲਾ ਵੱਡਾ ਸਟਾਰ ਮੰਨਿਆ ਜਾਂਦਾ ਸੀ।1998 'ਚ ਨੀਦਰਲੈਂਡ 'ਚ ਖੇਡੇ ਗਏ ਵਿਸ਼ਵ ਕੱਪ 'ਚ ਉਸ ਦੇ ਗੋਡੇ 'ਚ ਗੰਭੀਰ ਸੱਟ ਲੱਗ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਕਰੀਅਰ ਸਿਰੇ ਨਹੀਂ ਚੜ੍ਹ ਸਕਿਆ। ਉਨ੍ਹਾਂ ਨੂੰ ਉਸ ਸਮੇਂ ਹਾਕੀ ਫੈਡਰੇਸ਼ਨ ਤੋਂ ਇਲਾਜ ਅਤੇ ਮੁੜ ਵਸੇਬੇ ਦੀ ਸਹਾਇਤਾ ਨਹੀਂ ਮਿਲੀ, ਜਿਸ ਕਾਰਨ ਇਸ ਪ੍ਰਤਿਭਾਸ਼ਾਲੀ ਫਾਰਵਰਡ ਦਾ ਕਰੀਅਰ ਸਮੇਂ ਤੋਂ ਪਹਿਲਾਂ ਖਤਮ ਹੋ ਗਿਆ।

ਸੀਨੀਅਰ ਵਿਸ਼ਵ ਕੱਪ ਟੀਮ 'ਚ ਨਹੀਂ ਹੋਈ ਸੀ ਚੋਣ
ਰੇਲਵੇ 'ਚ ਯਾਤਰਾ ਟਿਕਟ ਜਾਂਚਕਰਤਾ (ਟੀਟੀਈ) ਵਜੋਂ ਤਾਇਨਾਤ 46 ਸਾਲਾਂ ਰਾਜੀਵ ਸ਼ਿਵਪੁਰ 'ਚ ਆਪਣੇ ਘਰ 'ਚ ਇਕੱਲੇ ਰਹਿੰਦੇ ਸਨ। ਉਨ੍ਹਾਂ ਦੀ ਪਤਨੀ ਚੰਚਲ ਅਤੇ ਦੋ ਬੱਚੇ ਲਖਨਊ 'ਚ ਰਹਿੰਦੇ ਹਨ। ਵਾਰਾਣਸੀ ਆਈ ਚੰਚਲ ਨੇ ਦੱਸਿਆ ਕਿ 1998 'ਚ ਲੱਤ ਦੀ ਸੱਟ ਕਾਰਨ ਰਾਜੀਵ ਦੀ ਸੀਨੀਅਰ ਵਿਸ਼ਵ ਕੱਪ ਟੀਮ 'ਚ ਚੋਣ ਨਹੀਂ ਹੋ ਸਕੀ ਸੀ। ਹਾਲ ਹੀ ਦੇ ਦਿਨਾਂ 'ਚ ਉਹ ਬਿਮਾਰ ਰਹਿਣ ਲੱਗੇ ਸਨ।ਉਨ੍ਹਾਂ ਦੇ ਬਚਪਨ ਦੇ ਕੋਚ ਪ੍ਰੇਮ ਸ਼ੰਕਰ ਸ਼ੁਕਲਾ ਨੇ ਕਿਹਾ, ਰਾਜੀਵ ਦੀ ਬੇਵਕਤੀ ਮੌਤ ਭਾਰਤੀ ਹਾਕੀ ਲਈ ਵੱਡਾ ਝਟਕਾ ਹੈ। ਉਹ ਅਸਾਧਾਰਨ ਹੁਨਰ ਵਾਲੇ ਹਾਕੀ ਖਿਡਾਰੀ ਸਨ। ਪੁਲਸ ਅਨੁਸਾਰ ਲਾਸ਼ ਤਿੰਨ ਦਿਨ ਪੁਰਾਣੀ ਲੱਗ ਰਹੀ ਹੈ। ਮੌਤ ਦੇ ਅਸਲ ਕਾਰਨਾਂ ਦਾ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇਗਾ।

ਹਾਕੀ ਇੰਡੀਆ ਦੇ ਪ੍ਰਧਾਨ ਨੇ ਜਤਾਇਆ ਸੋਗ
ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਰਕੀ ਨੇ ਕਿਹਾ, “ਪ੍ਰਤਿਭਾਸ਼ਾਲੀ ਸਾਬਕਾ ਜੂਨੀਅਰ ਅੰਤਰਰਾਸ਼ਟਰੀ ਹਾਕੀ ਖਿਡਾਰੀ ਰਾਜੀਵ ਮਿਸ਼ਰਾ ਦੇ ਬੇਵਕਤੀ ਦਿਹਾਂਤ ਬਾਰੇ ਸੁਣ ਕੇ ਮੈਂ ਬਹੁਤ ਦੁਖੀ ਹਾਂ। ਖੇਡ ਪ੍ਰਤੀ ਉਨ੍ਹਾਂ ਦਾ ਜਨੂੰਨ ਅਤੇ ਸਮਰਪਣ ਸੱਚਮੁੱਚ ਪ੍ਰੇਰਨਾਦਾਇਕ ਸੀ। ਉਨ੍ਹਾਂ ਦੇ ਪਰਿਵਾਰ, ਦੋਸਤਾਂ ਅਤੇ ਪੂਰੇ ਹਾਕੀ ਭਾਈਚਾਰੇ ਨਾਲ ਮੇਰੀ ਹਾਰਦਿਕ ਸੰਵੇਦਨਾ ਹੈ।