4 ਮੁਲਜ਼ਮ ਪਿੰਡ ਆਨੰਦਗੜ ''ਚ ਹੋਏ ਸਰਪੰਚ ਦੇ ਕਤਲ ਮਾਮਲੇ ''ਚ ਗ੍ਰਿਫ਼ਤਾਰ

4 ਮੁਲਜ਼ਮ ਪਿੰਡ ਆਨੰਦਗੜ ''ਚ ਹੋਏ ਸਰਪੰਚ ਦੇ ਕਤਲ ਮਾਮਲੇ ''ਚ ਗ੍ਰਿਫ਼ਤਾਰ

ਪਿੰਡ ਆਨੰਦਗੜ ਵਿਚ ਹੋਏ ਸਰਪੰਚ ਦੇ ਕਤਲ ਮਾਮਲੇ ਨੂੰ ਪੁਲਸ ਨੇ ਸੁਲਝਾ ਲਿਆ ਹੈ। ਪੁਲਸ ਨੇ ਇਸ ਮਾਮਲੇ ਵਿਚ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਕਤਲ 'ਚ ਵਰਤੀ ਗਈ ਗੱਡੀ ਨੂੰ ਜ਼ਬਤ ਕਰ ਲਿਆ ਹੈ। ਇਸ ਜਾਣਕਾਰੀ ਦਾ ਖ਼ੁਲਾਸਾ ਕਰਦੇ ਹੋਏ ਐੱਸ. ਐੱਸ. ਪੀ. ਡਾ. ਸੰਦੀਪ ਕੁਮਾਰ ਮਲਿਕ ਨੇ ਇਕ ਪ੍ਰੈੱਸ ਕਾਨਫ਼ਰੰਸ 'ਚ ਦੱਸਿਆ ਕਿ 21 ਜੁਲਾਈ ਨੂੰ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਲੋਕਾਂ ਨੇ ਪਿੰਡ ਦੇ ਮੁਖੀ ਸਤਪਾਲ ਨੂੰ ਜ਼ਖ਼ਮੀ ਕਰ ਦਿੱਤਾ ਹੈ, ਜੋਕਿ ਸਦਰ ਥਾਣੇ ਦੇ ਅਧਿਕਾਰ ਖੇਤਰ 'ਚ ਆਉਂਦਾ ਹੈ। ਉਨ੍ਹਾਂ ਨੇ ਪੁਲਸ ਅਧਿਕਾਰੀਆਂ ਨੂੰ ਮੌਕੇ 'ਤੇ ਭੇਜਿਆ, ਜਿੱਥੇ ਉਨ੍ਹਾਂ ਨੂੰ ਪਤਾ ਲੱਗਾ ਕਿ ਸਰਪੰਚ ਦੀ ਹਾਲਤ ਨਾਜ਼ੁਕ ਸੀ ਅਤੇ ਉਨ੍ਹਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਇਥੇ ਸਰਪੰਚ ਸਤਪਾਲ ਦੀ ਮੌਤ ਹੋ ਗਈ ਸੀ। ਪੁਲਸ ਨੇ ਘਟਨਾ ਦੇ ਸਬੰਧ 'ਚ ਇਕ ਵਿਅਕਤੀ ਨੂੰ ਮੌਕੇ 'ਤੇ ਗ੍ਰਿਫ਼ਤਾਰ ਕਰ ਲਿਆ ਸੀ।

ਉਨ੍ਹਾਂ ਕਿਹਾ ਕਿ ਇਹ ਘਟਨਾ ਇਸ ਲਈ ਵਾਪਰੀ ਕਿਉਂਕਿ ਰੋਹਿਤ ਕੁਮਾਰ ਨਾਮ ਦਾ ਇਕ ਵਿਅਕਤੀ ਸਰਪੰਚ ਕੋਲ ਕਿਸੇ ਸਮੱਸਿਆ ਨੂੰ ਲੈ ਕੇ ਆਇਆ ਸੀ। ਉਸ ਦੇ ਪਿੱਛੇ ਹੋਰ ਹਮਲਾਵਰ ਵੀ ਆ ਗਏ। ਸਰਪੰਚ ਨੇ ਉਨ੍ਹਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਸਥਿਤੀ ਵਿਗੜ ਗਈ। ਹਮਲਾਵਰਾਂ ਨੇ ਸਰਪੰਚ ਉੱਤੇ ਆਪਣੀ ਗੱਡੀ ਚੜ੍ਹਾ ਦਿੱਤੀ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਲਈ ਇਕ ਟੀਮ ਬਣਾਈ ਗਈ। ਜਿਸ 'ਚ ਮੇਜਰ ਸਿੰਘ, ਪੁਲਸ ਸੁਪਰਡੈਂਟ (ਪੀ. ਬੀ. ਆਈ), ਡੀ. ਐੱਸ. ਪੀ. ਕੁਲਭੂਸ਼ਣ ਸ਼ਰਮਾ, ਡੀ. ਐੱਸ. ਪੀ. ਪ੍ਰਨੀਤ ਸਿੰਘ, ਸੀ. ਆਈ. ਏ. ਸਟਾਫ਼ ਦੇ ਇੰਸਪੈਕਟਰ ਗੁਰਪ੍ਰੀਤ ਅਤੇ ਸਦਰ ਪੁਲਸ ਸਟੇਸ਼ਨ ਦੇ ਐੱਸ. ਐੱਚ. ਓ. ਬਲਜਿੰਦਰ ਸਿੰਘ ਸ਼ਾਮਲ ਸਨ, ਉਨ੍ਹਾਂ ਅਨਮੋਲ ਸਿੰਘ ਮਹਿਲਾਂਵਾਲੀ, ਅਨਮੋਲ ਇਸਲਾਮਾਬਾਦ, ਅਨਮੋਲ ਪ੍ਰੀਤ ਬਸੀ ਮੁਸਤਫਾ ਅਤੇ ਚਰਨਜੀਤ ਚੰਨੀ ਬਸੀ ਵਹੀਆਂ ਨੂੰ ਗ੍ਰਿਫ਼ਤਾਰ ਕੀਤਾ। ਪੰਕਜ ਪਠਾਨੀਆ ਅਤੇ ਵਿਜੇ ਕੁਮਾਰ ਦੀ ਭਾਲ ਜਾਰੀ ਹੈ।

ਗੱਡੀ ਦੇ ਡਰਾਈਵਰ ਅਨਮੋਲ ਨੂੰ ਉਸੇ ਦਿਨ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਬਾਕੀ ਤਿੰਨਾਂ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਸਿਰਫ਼ ਦੋ ਅਨਮੋਲ, ਪ੍ਰੀਤ ਅਤੇ ਚਰਨਜੀਤ ਚੰਨੀ ਖ਼ਿਲਾਫ਼ ਹੀ ਅਪਰਾਧਿਕ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਦੋਸ਼ੀਆਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ।