ਕੈਨੇਡਾ ’ਚ ਅੰਤਿਮ ਸੰਸਕਾਰ ਹੋਇਆ ਕਤਲ ਕੀਤੇ ਗਏ 6 ਲੋਕਾਂ ਦਾ  

ਕੈਨੇਡਾ ’ਚ ਅੰਤਿਮ ਸੰਸਕਾਰ ਹੋਇਆ ਕਤਲ ਕੀਤੇ ਗਏ 6 ਲੋਕਾਂ ਦਾ  

ਬੀਤੇ ਦਿਨੀਂ ਕੈਨੇਡਾ ਦੀ ਰਾਜਧਾਨੀ ਓਟਾਵਾ ’ਚ ਕਤਲ ਕੀਤੇ ਗਏ 6 ਲੋਕਾਂ ਦੇ ਅੰਤਿਮ ਸੰਸਕਾਰ ਮੌਕੇ ਸੈਂਕੜੇ ਲੋਕ ਇਕੱਠੇ ਹੋਏ। ਜ਼ਿਕਰਯੋਗ ਹੈ ਕਿ ਇਸ ਘਟਨਾ ’ਚ ਮਾਰੇ ਗਏ ਲੋਕ ਸ੍ਰੀਲੰਕਾ ਦੇ ਨਾਗਰਿਕ ਸਨ ਅਤੇ ਉਹ ਹਾਲ ਹੀ ਵਿੱਚ ਕੈਨੇਡਾ ਆਏ ਸਨ। ਇਨਫਿਨਿਟੀ ਕਨਵੈਨਸ਼ਨ ਸੈਂਟਰ ਵਿਖੇ ਹਰ ਧਰਮ ਨਾਲ ਸਬੰਧਤ ਲੋਕ ਹਾਜ਼ਰ ਸਨ ਅਤੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ। 

ਪੁਲਿਸ ਅਨੁਸਾਰ 6 ਮਾਰਚ ਨੂੰ ਦੱਖਣੀ ਓਟਾਵਾ ਦੇ ਇੱਕ ਉਪਨਗਰ ਟਾਊਨਹਾਊਸ ਦੇ ਅੰਦਰ 4 ਬੱਚਿਆਂ ਅਤੇ 2 ਬਾਲਗਾਂ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮੌਕੇ ਭਿਕਸ਼ੂ ਅਜਾਹਨ ਵਿਰਾਧਮੋ ਨੇ ਦੁਨੀਆਂ ਭਰ ’ਚ ਸੋਗ ਮਨਾ ਰਹੇ ਲੋਕਾਂ ਨੂੰ ਇਕ-ਦੂਜੇ ਦਾ ਸਮਰਥਨ ਕਰਨ ’ਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ। ਪੀੜਤਾਂ ’ਚ 35 ਸਾਲਾ ਮਹਿਲਾ ਦਰਸ਼ਨੀ ਏਕਨਾਇਕੇ ਅਤੇ ਉਸਦੇ 4 ਬੱਚੇ ਸ਼ਾਮਲ ਸਨ, ਜਿਨ੍ਹਾਂ ਦੀ ਉਮਰ 2 ਮਹੀਨੇ ਤੋਂ 7 ਸਾਲ ਤੱਕ ਸੀ ਅਤੇ ਨਾਲ ਹੀ ਇੱਕ ਪਰਿਵਾਰਕ ਦੋਸਤ ਵੀ ਸ਼ਾਮਲ ਸੀ। ਹਾਦਸੇ ’ਚ ਦਰਸ਼ਨੀ ਦਾ ਪਤੀ ਅਤੇ ਬੱਚਿਆਂ ਦਾ ਪਿਤਾ ਧਨੁਸ਼ਕਾ ਵਿਕਰਮਾਸਿੰਘੇ ਜ਼ਖ਼ਮੀ ਹੋ ਗਿਆ ਸੀ। 
 

ਓਟਾਵਾ ਪੁਲਿਸ ਦੇ ਮੁਖੀ ਐਰਿਕ ਸਟੱਬਸ ਨੇ ਦੱਸਿਆ ਕਿ ਜਦੋਂ ਅਧਿਕਾਰੀ ਮੌਕੇ ’ਤੇ ਪਹੁੰਚੇ ਤਾਂ ਮ੍ਰਿਤਕ ਬੱਚਿਆਂ ਦਾ ਪਿਤਾ ਘਰ ਦੇ ਬਾਹਰ ਸੀ ਅਤੇ ਲੋਕਾਂ ਨੂੰ ਐਮਰਜੈਂਸੀ ਸੇਵਾਵਾਂ ਨੂੰ ਕਾਲ ਕਰਨ ਦੀ ਬੇਨਤੀ ਕਰ ਰਿਹਾ ਸੀ। ਇਸ ਮਗਰੋਂ ਪੁਲਿਸ ਨੇ ਧਨੁਸ਼ਕਾ ਨੂੰ ਹਸਪਤਾਲ ਪਹੁੰਚਾਇਆ। ਇਲਾਜ ਮਗਰੋਂ ਹੁਣ ਧਨੁਸ਼ਕਾ ਦੀ ਜਾਨ ਨੂੰ ਕੋਈ ਖਤਰਾ ਨਹੀਂ ਹੈ।

ਦੱਸਣਯੋਗ ਹੈ ਕਿ ਪੁਲਿਸ ਨੇ ਹਮਲੇ ਦੀ ਸ਼ਾਮ ਨੂੰ ਇੱਕ 19 ਸਾਲਾ ਸ਼੍ਰੀਲੰਕਾਈ ਵਿਦਿਆਰਥੀ ਨੂੰ ਗ੍ਰਿਫ਼ਤਾਰ ਕਰ ਲਿਆ। ਓਟਾਵਾ ਪੁਲਿਸ ਦੇ ਮੁਖੀ ਐਰਿਕ ਸਟੱਬਸ ਨੇ ਕਿਹਾ ਕਿ ਇਸ ਹਮਲੇ ਨੂੰ ਅੰਜਾਮ ਦੇਣ ਲਈ ਜ਼ੋਏਸਾ ਨੇ ‘‘ਤਿੱਖੇ ਹਥਿਆਰ’’ ਜਾਂ ‘‘ਚਾਕੂ ਵਰਗੀ ਚੀਜ਼’’ ਦੀ ਵਰਤੋਂ ਕੀਤੀ ਸੀ। ਉਸ ’ਤੇ ਪਹਿਲੀ-ਡਿਗਰੀ ਕਤਲ ਦੇ 6 ਅਤੇ ਕਤਲ ਦੀ ਕੋਸ਼ਿਸ਼ ਦਾ ਇਕ ਦੋਸ਼ ਲਗਾਇਆ। ਪੁਲਿਸ ਨੇ ਕਿਹਾ ਕਿ ਫੇਬਰਿਓ ਡੀ-ਜ਼ੋਏਸਾ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਸੀ ਜੋ ਪੀੜਤ ਪਰਿਵਾਰ ਨਾਲ ਰਹਿ ਰਿਹਾ ਸੀ।