PM ਮੋਦੀ ਸਮੇਤ ਕਈ ਵਿਸ਼ਵ ਨੇਤਾਵਾਂ ਨੇ ਬਾਲੀ ''ਚ ਜੀ-20 ਸਿਖਰ ਸੰਮੇਲਨ ''ਚ ਕੀਤੀ ਸ਼ਿਰਕਤ। 

PM ਮੋਦੀ ਸਮੇਤ ਕਈ ਵਿਸ਼ਵ ਨੇਤਾਵਾਂ ਨੇ ਬਾਲੀ ''ਚ ਜੀ-20 ਸਿਖਰ ਸੰਮੇਲਨ ''ਚ ਕੀਤੀ ਸ਼ਿਰਕਤ। 

ਇੰਡੋਨੇਸ਼ੀਆ ਦੇ ਬਾਲੀ ਸੂਬੇ ਵਿੱਚ ਮੰਗਲਵਾਰ ਨੂੰ ਸਲਾਨਾ ਜੀ-20 ਸਿਖਰ ਸੰਮੇਲਨ ਦੀ ਸ਼ੁਰੂਆਤ ਹੋਈ, ਜਿਸ ਵਿੱਚ ਕਈ ਗਲੋਬਲ ਨੇਤਾਵਾਂ ਨੇ ਸ਼ਿਰਕਤ ਕੀਤੀ। ਸੰਮੇਲਨ ਵਿਚ COVID-19 ਗਲੋਬਲ ਮਹਾਂਮਾਰੀ ਅਤੇ ਯੂਕਰੇਨ 'ਤੇ ਰੂਸ ਦੇ ਹਮਲੇ ਨਾਲ ਪੈਦਾ ਹੋਈਆਂ ਚੁਣੌਤੀਆਂ 'ਤੇ ਚਰਚਾ ਕੀਤੀ ਜਾਵੇਗੀ। ਸਿਖਰ ਸੰਮੇਲਨ ਦੀ ਰਸਮੀ ਸ਼ੁਰੂਆਤ ਤੋਂ ਪਹਿਲਾਂ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਨੇ ਆਯੋਜਨ ਸਥਾਨ ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕੀਤਾ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕੀਤਾ, 'ਇਕੱਠੇ ਉਭਰੋ, ਮਜ਼ਬੂਤੀ ਨਾਲ ਉਭਰੋ। ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਨੇ ਜੀ-20 ਸਿਖਰ ਸੰਮੇਲਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕੀਤਾ। ਭੋਜਨ ਅਤੇ ਊਰਜਾ ਸੁਰੱਖਿਆ ਅਤੇ ਸਿਹਤ ਸਮੇਤ ਸਮਕਾਲੀ ਗਲੋਬਲ ਚੁਣੌਤੀਆਂ 'ਤੇ ਅੱਜ ਵਿਸਤਾਰ ਨਾਲ ਚਰਚਾ ਕੀਤੀ ਜਾਵੇਗੀ।' ਇੰਡੋਨੇਸ਼ੀਆ ਜੀ-20 ਸਮੂਹ ਦੀ ਮੌਜੂਦਾ ਪ੍ਰਧਾਨ ਹੈ। ਭਾਰਤ 1 ਦਸੰਬਰ ਤੋਂ ਰਸਮੀ ਤੌਰ 'ਤੇ ਜੀ-20 ਦੀ ਪ੍ਰਧਾਨਗੀ ਸੰਭਾਲੇਗਾ। ਇੰਡੋਨੇਸ਼ੀਆ ਨੇ ਲਗਭਗ ਇੱਕ ਸਾਲ ਪਹਿਲਾਂ ਜੀ-20 ਦੀ ਪ੍ਰਧਾਨਗੀ ਸੰਭਾਲਦੇ ਹੋਏ, "ਇਕੱਠੇ ਉੱਭਰੋ,ਮਜ਼ਬੂਤੀ ਨਾਲ ਉਭਰੋ" ਦਾ ਨਾਅਰਾ ਲਗਾਇਆ ਸੀ, ਜੋ ਉਸ ਸਮੇਂ ਕੋਵਿਡ-19 ਗਲੋਬਲ ਮਹਾਂਮਾਰੀ ਦੇ ਪ੍ਰਕੋਪ ਨਾਲ ਜੂਝ ਰਹੇ ਵਿਸ਼ਵ ਲਈ ਢੁਕਵਾਂ ਸੀ।

ਹਾਲਾਂਕਿ ਅੱਜ ਇਹ ਨਾਅਰਾ ਥੋੜ੍ਹਾ ਘੱਟ ਪ੍ਰਸੰਗਿਕ ਜਾਪਦਾ ਹੈ। ਖਾਸ ਤੌਰ 'ਤੇ ਜਦੋਂ ਰੂਸ ਦੇ ਯੂਕਰੇਨ 'ਤੇ ਹਮਲੇ ਤੋਂ ਬਾਅਦ ਦੁਨੀਆ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਭੋਜਨ ਅਤੇ ਊਰਜਾ ਸਰੋਤਾਂ ਦੀ ਕਮੀ ਦਾ ਸੰਕਟ ਮੰਡਰਾ ਰਿਹਾ ਹੈ। ਇਹ ਸਿਖਰ ਸੰਮੇਲਨ 15-16 ਨਵੰਬਰ ਨੂੰ ਆਯੋਜਿਤ ਹੋ ਰਿਹਾ ਹੈ। ਜੀ-20 ਸੰਮੇਲਨ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਬੁੱਧਵਾਰ ਨੂੰ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਵਿਡੋਡੋ, ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਅਤੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਹਸੀਨ ਲੂਂਗ ਨਾਲ ਦੁਵੱਲੀ ਬੈਠਕ ਕਰਨਗੇ। ਹਾਲਾਂਕਿ ਪ੍ਰਧਾਨ ਮੰਤਰੀ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰਨਗੇ ਜਾਂ ਨਹੀਂ, ਫਿਲਹਾਲ ਇਹ ਸਪੱਸ਼ਟ ਨਹੀਂ ਹੈ। ਜੇਕਰ ਦੋਹਾਂ ਨੇਤਾਵਾਂ ਵਿਚਾਲੇ ਮੁਲਾਕਾਤ ਹੁੰਦੀ ਹੈ, ਤਾਂ ਜੂਨ 2020 'ਚ ਗਲਵਾਨ ਘਾਟੀ 'ਚ ਭਾਰਤ ਅਤੇ ਚੀਨ ਦੀਆਂ ਫੌਜਾਂ ਵਿਚਾਲੇ ਹੋਈ ਹਿੰਸਕ ਝੜਪ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਦੁਵੱਲੀ ਬੈਠਕ ਹੋਵੇਗੀ। ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨਾਲ ਵੱਖਰੀ ਮੁਲਾਕਾਤ ਦਾ ਵੀ ਕੋਈ ਜ਼ਿਕਰ ਨਹੀਂ ਕੀਤਾ ਗਿਆ ਹੈ, ਪਰ ਪ੍ਰਧਾਨ ਮੰਤਰੀ ਮੋਦੀ ਵੱਲੋਂ ਉਨ੍ਹਾਂ ਨਾਲ ਦੁਵੱਲੀ ਮੀਟਿੰਗ ਕਰਨ ਦੀ ਸੰਭਾਵਨਾ ਹੈ।

ਜੀ-20 'ਚ ਅਰਜਨਟੀਨਾ, ਆਸਟ੍ਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਨ, ਫਰਾਂਸ, ਜਰਮਨੀ, ਭਾਰਤ, ਇੰਡੋਨੇਸ਼ੀਆ, ਇਟਲੀ, ਜਾਪਾਨ, ਦੱਖਣੀ ਕੋਰੀਆ, ਮੈਕਸੀਕੋ, ਰੂਸ, ਸਾਊਦੀ ਅਰਬ, ਦੱਖਣੀ ਅਫਰੀਕਾ, ਤੁਰਕੀ, ਯੂ.ਕੇ., ਅਮਰੀਕਾ ਅਤੇ ਯੂਰਪੀਅਨ ਯੂਨੀਅਨ (ਈਯੂ) ਸ਼ਾਮਲ ਹਨ।  G20 ਵਿਸ਼ਵ ਆਰਥਿਕ ਸਹਿਯੋਗ ਦਾ ਇੱਕ ਪ੍ਰਭਾਵਸ਼ਾਲੀ ਸੰਗਠਨ ਹੈ। ਇਹ ਵਿਸ਼ਵਵਿਆਪੀ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦਾ ਲਗਭਗ 85 ਫ਼ੀਸਦੀ, ਵਿਸ਼ਵ ਵਪਾਰ ਦੇ 75 ਫ਼ੀਸਦੀ ਤੋਂ ਵੱਧ ਅਤੇ ਵਿਸ਼ਵ ਦੀ ਲਗਭਗ ਦੋ ਤਿਹਾਈ ਆਬਾਦੀ ਨੂੰ ਦਰਸਾਉਂਦਾ ਹੈ।