ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੇ ਮੋਦੀ ਨੂੰ ਜੀ-7 ਸੰਮੇਲਨ ਦਾ ਸੱਦਾ ਦੇਣ ’ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਕੀਤੀ ਨਿੰਦਾ

ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੇ ਮੋਦੀ ਨੂੰ ਜੀ-7 ਸੰਮੇਲਨ ਦਾ ਸੱਦਾ ਦੇਣ ’ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਕੀਤੀ ਨਿੰਦਾ

ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ਼ ਕੈਨੇਡਾ (ਡਬਲਯੂਐਸਓ) ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਲਬਰਟਾ ਦੇ ਕਨਾਨਾਸਕਿਸ ਵਿੱਚ ਹੋਣ ਵਾਲੇ ਜੀ7 ਸੰਮੇਲਨ ਵਿੱਚ ਸ਼ਾਮਲ ਹੋਣ ਲਈ ਸੱਦਾ ਦੇਣ ਦੀ ਨਿੰਦਾ ਕੀਤੀ ਹੈ। ਇਸ ਐਲਾਨ ਨੇ ਕੈਨੇਡਾ ਭਰ ਦੇ ਸਿੱਖ ਭਾਈਚਾਰੇ ਵਿੱਚ ਰੋਸ ਪੈਦਾ ਕਰ ਦਿਤਾ ਹੈ। 21 ਮਈ ਨੂੰ, ਡਬਲਯੂਐਸਓ ਨੇ ਪ੍ਰਧਾਨ ਮੰਤਰੀ ਕਾਰਨੀ ਨੂੰ ਇੱਕ ਰਸਮੀ ਪੱਤਰ ਭੇਜਿਆ ਜਿਸ ਵਿੱਚ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਸੱਦਾ ਨਾ ਦੇਣ ਦੀ ਅਪੀਲ ਕੀਤੀ ਗਈ ਸੀ। ਇਸ ਪੱਤਰ ਵਿੱਚ ਕੈਨੇਡਾ ’ਚ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਅੰਤਰਰਾਸ਼ਟਰੀ ਦਮਨ ਦੀ ਭਾਰਤ ਦੀਆਂ ਕਾਰਵਾਈਆਂ ਬਾਰੇ ਦਸਿਆ ਗਿਆ ਹੈ। ਜਿਸ ਵਿੱਚ 2023 ’ਚ ਕੈਨੇਡੀਅਨ ਸਿੱਖ ਨੇਤਾ ਹਰਦੀਪ ਸਿੰਘ ਨਿੱਝਰ ਦਾ ਕਤਲ ਅਤੇ ਆਰਸੀਐਮਪੀ ਵੱਲੋਂ ਕੈਨੇਡੀਅਨ ਧਰਤੀ ’ਤੇ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਭਾਰਤੀ ਸਰਕਾਰੀ ਏਜੰਟਾਂ ਦੇ ‘ਸਪਸ਼ਟ ਅਤੇ ਠੋਸ ਸਬੂਤ’ ਦੀ ਪੁਸ਼ਟੀ ਸ਼ਾਮਲ ਹੈ।

ਕੈਨੇਡੀਅਨ ਅਧਿਕਾਰੀਆਂ ਨਾਲ ਸਹਿਯੋਗ ਕਰਨ ਤੋਂ ਲਗਾਤਾਰ ਇਨਕਾਰ ਕਰਨ ਦੇ ਬਾਵਜੂਦ ਪ੍ਰਧਾਨ ਮੰਤਰੀ ਮੋਦੀ ਨੂੰ ਸੱਦਾ ਭੇਜਿਆ ਗਿਆ ਹੈ। ਕੁਝ ਹਫ਼ਤੇ ਪਹਿਲਾਂ ਹੀ, ਭਾਰਤੀ ਖੁਫੀਆ ਕਾਰਵਾਈਆਂ ਨਾਲ ਜੁੜੇ ਇੱਕ ਬਿਸ਼ਨੋਈ ਗਿਰੋਹ ਨੇ 14 ਮਈ ਨੂੰ ਮਿਸੀਸਾਗਾ ਵਿੱਚ ਇੱਕ ਸਿੱਖ ਵਪਾਰੀ ਦੀ ਹੱਤਿਆ ਦੀ ਜ਼ਿੰਮੇਵਾਰੀ ਲਈ ਸੀ। ਮੋਦੀ ਨੇ ਖੁੱਲ੍ਹ ਕੇ ਕਿਹਾ ਹੈ ਕਿ ਭਾਰਤ ਹੁਣ ਦੂਜੇ ਦੇਸ਼ਾਂ ਵਿੱਚ ਜਾਵੇਗਾ ਅਤੇ ਉਨ੍ਹਾਂ ਨੂੰ ਮਾਰ ਦੇਵੇਗਾ ਜਿਨ੍ਹਾਂ ਨੂੰ ਉਹ ਆਪਣਾ ਦੁਸ਼ਮਣ ਸਮਝਦਾ ਹੈ। ਜੀ7 ਸੰਮੇਲਨ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੀ ਦੂਜੀ ਵਰ੍ਹੇਗੰਢ ਤੋਂ ਕੁਝ ਦਿਨ ਪਹਿਲਾਂ 18 ਜੂਨ, 2025 ਨੂੰ ਹੋਣ ਵਾਲਾ ਹੈ।

ਸੰਸਥਾ ਦੇ ਪ੍ਰਧਾਨ ਦਾਨਿਸ਼ ਸਿੰਘ ਨੇ ਕਿਹਾ,“ਪ੍ਰਧਾਨ ਮੰਤਰੀ ਕਾਰਨੀ ਦਾ ਨਰਿੰਦਰ ਮੋਦੀ ਨੂੰ ਸੱਦਾ ਦੇਣ ਦਾ ਫ਼ੈਸਲਾ ਕੈਨੇਡਾ ਵਿੱਚ ਸਿੱਖਾਂ ਲਈ, ਸਗੋਂ ਮੂਲ ਕੈਨੇਡੀਅਨ ਕਦਰਾਂ-ਕੀਮਤਾਂ ਨਾਲ ਵੀ ਵਿਸ਼ਵਾਸਘਾਤ ਹੈ।  ਜਦੋਂ ਕਿ ਭਾਰਤ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਕਿਸੇ ਵੀ ਭੂਮਿਕਾ ਤੋਂ ਇਨਕਾਰ ਕਰਦਾ ਰਹਿੰਦਾ ਹੈ ਅਤੇ ਕੈਨੇਡੀਅਨ ਅਧਿਕਾਰੀਆਂ ਨਾਲ ਸਹਿਯੋਗ ਕਰਨ ਤੋਂ ਇਨਕਾਰ ਕਰਦਾ ਹੈ, ਸ਼ਰਮਨਾਕ ਅਤੇ ਖ਼ਤਰਨਾਕ ਦੋਵੇਂ ਹੈ।’’