- Updated: September 03, 2025 04:05 PM
ਇਕ ਪਰਿਵਾਰ ਨੇ ਆਪਣੀ ਨੂੰਹ ਲੱਖਾਂ ਰੁਪਏ ਖ਼ਰਚ ਕੇ ਕੈਨੇਡਾ ਭੇਜੀ ਸੀ ਪਰ ਵਰਕ ਪਰਮਿਟ ਮਿਲਣ ਉਪਰੰਤ ਕੁੜੀ ਨੇ ਸਹੁਰੇ ਪਰਿਵਾਰ ਅਤੇ ਪਤੀ ਨੂੰ ਫੋਨ ਕਰਨਾ ਬੰਦ ਕਰ ਦਿੱਤਾ, ਜਿਸ ਤੋਂ ਪਰੇਸ਼ਾਨ ਹੋ ਕੇ ਪਤੀ ਨੇ ਜ਼ਹਿਰਿਲੀ ਚੀਜ਼ ਖਾ ਕੇ ਖ਼ੁਦਕੁਸੀ ਕਰ ਲਈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਪਰਮਜੀਤ ਕੌਰ ਪਤਨੀ ਅਵਤਾਰ ਸਿੰਘ ਵਾਸੀ ਪਿੰਡ ਘੱਗ ਜ਼ਿਲ੍ਹਾ ਕਪੂਰਥਲਾ ਨੇ ਦੱਸਿਆ ਕਿ 23 ਜਨਵਰੀ 2020 ਨੂੰ ਉਨ੍ਹਾਂ ਦੇ ਮੁੰਡੇ ਲਵਜੀਤ ਸਿੰਘ ਦਾ ਵਿਆਹ ਹਰਮਨਪ੍ਰੀਤ ਕੌਰ ਪੁੱਤਰੀ ਕੁਲਦੀਪ ਸਿੰਘ ਵਾਸੀ ਭਗਵਾਨਪੁਰ ਜ਼ਿਲ੍ਹਾ ਕਪੂਰਥਲਾ ਨਾਲ ਹੋਇਆ ਸੀ। ਵਿਆਹ ਦਾ ਸਾਰਾ ਖ਼ਰਚਾ ਉਨ੍ਹਾਂ ਨੇ ਹੀ ਕੀਤਾ ਸੀ। ਵਿਆਹ ਤੋਂ ਬਾਅਦ 28 ਲੱਖ ਰੁਪਏ ਖ਼ਰਚ ਕੇ ਹਰਮਨਪ੍ਰੀਤ ਕੌਰ ਨੂੰ ਪੜ੍ਹਾਈ ਲਈ ਕੈਨੇਡਾ ਭੇਜਿਆ ਸੀ।
ਪਰਮਜੀਤ ਕੌਰ ਨੇ ਦੱਸਿਆ ਕਿ ਕੈਨੇਡਾ ਖ਼ਰਚ ਮੰਗਵਾਉਣ ਤੱਕ ਹਰਮਨਪ੍ਰੀਤ ਕੌਰ ਨੇ ਲਵਜੀਤ ਸਿੰਘ ਨਾਲ ਗੱਲ ਜਾਰੀ ਰੱਖੀ, ਜਦੋਂ ਉਸ ਨੂੰ ਵਰਕ ਪਰਮਿਟ ਮਿਲ ਗਿਆ ਤਾਂ ਉਸ ਨੇ ਲਵਜੀਤ ਸਿੰਘ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ, ਜਿਸ ਕਰਕੇ ਉਹ ਪ੍ਰੇਸ਼ਾਨ ਰਹਿਣ ਲੱਗ ਪਿਆ। ਇਸ ਤੋਂ ਦੁਖ਼ੀ ਹੋ ਕੇ ਉਸ ਨੇ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ ਹੈ। ਏ. ਐੱਸ. ਆਈ. ਅਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਪਰਮਜੀਤ ਕੌਰ ਦੇ ਬਿਆਨਾਂ ’ਤੇ ਹਰਮਨਪ੍ਰੀਤ ਕੌਰ, ਸਹੁਰੇ ਕੁਲਦੀਪ ਸਿੰਘ ਤੇ ਸੱਸ ਸੁਰਜੀਤ ਕੌਰ ’ਤੇ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।