- Updated: October 05, 2024 08:39 PM
ਅੱਜ ਹਰਿਆਣਾ 'ਚ ਵਿਧਾਨ ਸਭਾ ਚੋਣਾਂ ਵੀ ਕੁਝ ਛੋਟੀਆਂ-ਮੋਟੀਆਂ ਘਟਨਾਵਾਂ ਦਰਮਿਆਨ ਮੁਕੰਮਲ ਹੋ ਚੁੱਕੀਆਂ ਹਨ। ਇਨ੍ਹਾਂ ਚੋਣਾਂ ਦੌਰਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਵਿਨੇਸ਼ ਫੋਗਾਟ, ਭੁਪਿੰਦਰ ਸਿੰਘ ਹੁੱਡਾ ਵਰਗੇ ਦਿੱਗਜਾਂ ਸਮੇਤ ਕੁੱਲ 1,027 ਉਮੀਦਵਾਰਾਂ ਦੀ ਕਿਸਮਤ ਈ.ਵੀ.ਐੱਮ. 'ਚ ਕੈਦ ਹੋ ਚੁੱਕੀ ਹੈ।
ਚੋਣ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਇਨ੍ਹਾਂ ਚੋਣਾਂ ਦੇ ਐਗਜ਼ਿਟ ਪੋਲ ਆਉਣੇ ਸ਼ੁਰੂ ਹੋ ਗਏ ਹਨ, ਜਿਨ੍ਹਾਂ 'ਚ ਕਾਂਗਰਸ ਜਿੱਤਦੀ ਦਿਖਾਈ ਦੇ ਰਹੀ ਹੈ, ਜਦਕਿ ਸੱਤਾਧਾਰੀ ਪਾਰਟੀ ਭਾਜਪਾ ਪੱਛੜਦੀ ਹੋਈ ਨਜ਼ਰ ਆ ਰਹੀ ਹੈ। ਹਾਲਾਂਕਿ ਚੋਣਾਂ ਦੇ ਅਸਲ ਨਤੀਜੇ 8 ਅਕਤੂਬਰ ਨੂੰ ਆਉਣਗੇ, ਜਦੋਂ ਹਰਿਆਣਾ ਨੂੰ ਆਪਣਾ ਨਵਾਂ ਮੁੱਖ ਮੰਤਰੀ ਮਿਲ ਜਾਵੇਗਾ।
ਉਂਝ ਤਾਂ ਮੁਕਾਬਲਾ ਮੁੱਖ ਤੌਰ 'ਤੇ ਕਾਂਗਰਸ ਤੇ ਭਾਜਪਾ ਦਰਮਿਆਨ ਹੈ, ਪਰ ਇਸ ਤੋਂ ਇਲਾਵਾ ਭਾਰਤੀ ਰਾਸ਼ਟਰੀ ਲੋਕਦਲ (ਆਈ.ਐੱਨ.ਐੱਲ.ਡੀ.) ਤੇ ਜੇ.ਜੇ.ਪੀ. ਵਰਗੀਆਂ ਖੇਤਰੀ ਪਾਰਟੀਆਂ ਵੀ ਇਨ੍ਹਾਂ ਚੋਣਾਂ 'ਚ ਆਪਣੀ ਕਿਸਮਤ ਅਜ਼ਮਾ ਰਹੀਆਂ ਹਨ।
ਵੋਟਿੰਗ ਖ਼ਤਮ ਹੋਣ ਤੋਂ ਬਾਅਦ ਹੀ ਚੋਣਾਂ ਦੇ ਰੁਝਾਨ ਤੇ ਐਗਜ਼ਿਟ ਪੋਲ ਕਾਂਗਰਸ ਲਈ ਵੱਡੀ ਖ਼ੁਸ਼ਖ਼ਬਰੀ ਲੈ ਕੇ ਆ ਰਹੇ ਹਨ, ਜਿਨ੍ਹਾਂ ਮੁਤਾਬਕ ਕਾਂਗਰਸ 10 ਸਾਲਾਂ ਮਗਰੋਂ ਸੂਬੇ 'ਚ ਮੁੜ ਸੱਤਾ ਕਾਇਮ ਕਰਨ ਜਾ ਰਹੀ ਹੈ।
2019 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨੂੰ ਜਿੱਥੇ 40 ਸੀਟਾਂ 'ਤੇ ਜਿੱਤ ਹਾਸਲ ਹੋਈ ਸੀ, ਉੱਥੇ ਹੀ ਉਹ ਇਸ ਵਾਰ 22-33 ਸੀਟਾਂ 'ਤੇ ਸਿਮਟਦੀ ਹੋਈ ਨਜ਼ਰ ਆ ਰਹੀ ਹੈ, ਜਦਕਿ 2019 'ਚ 31 ਸੀਟਾਂ ਜਿੱਤਣ ਵਾਲੀ ਕਾਂਗਰਸ ਪਾਰਟੀ ਇਸ ਵਾਰ 52-62 ਸੀਟਾਂ 'ਤੇ ਜਿੱਤ ਦਰਜ ਕਰ ਸਪੱਸ਼ਟ ਬਹੁਮਤ ਹਾਸਲ ਕਰਦੀ ਹੋਈ ਨਜ਼ਰ ਆ ਰਹੀ ਹੈ।
ਇਸ ਤੋਂ ਇਲਾਵਾ ਕਈ ਰੁਝਾਨਾਂ 'ਚ ਜੇ.ਜੇ.ਪੀ. ਨੂੰ 1-2, ਜਦਕਿ ਆਈ.ਐੱਨ.ਐੱਲ.ਡੀ. 2-3 ਸੀਟਾਂ 'ਤੇ ਜਿੱਤ ਦਰਜ ਕਰਦੀ ਹੋਈ ਦਿਖਾਈ ਦੇ ਰਹੀ ਹੈ। ਪਰ ਹੁਣ ਇਹ ਤਾਂ 8 ਅਕਤੂਬਰ ਨੂੰ ਹੀ ਤੈਅ ਹੋਵੇਗਾ ਕਿ ਹਰਿਆਣਾ ਦਾ ਤਾਜ ਕਿਸ ਦੇ ਸਿਰ ਸਜੇਗਾ।