- Updated: October 05, 2024 10:53 AM
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਦੋਸ਼ ਲਾਇਆ ਕਿ ਕਾਂਗਰਸ ਨੌਜੁਆਨਾਂ ਨੂੰ ਨਸ਼ਿਆਂ ਵਲ ਧੱਕ ਕੇ ਮਿਲਣ ਵਾਲੇ ਪੈਸੇ ਨਾਲ ਚੋਣਾਂ ਲੜਨਾ ਚਾਹੁੰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਨੂੰ ‘ਸ਼ਹਿਰੀ ਮਾਉਵਾਦੀਆਂ ਦਾ ਗੈਂਗ’ ਚਲਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਪਾਰਟੀ ਦੇ ‘ਖਤਰਨਾਕ ਏਜੰਡੇ’ ਨੂੰ ਹਰਾਉਣ ਲਈ ਇਕਜੁੱਟ ਹੋਣ ਦੀ ਅਪੀਲ ਕੀਤੀ।
ਮੋਦੀ ਨੇ ਮਹਾਰਾਸ਼ਟਰ ਦੇ ਵਾਸ਼ਿਮ ਜ਼ਿਲ੍ਹੇ ’ਚ ਵੱਖ-ਵੱਖ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਨ ਤੋਂ ਬਾਅਦ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਉਨ੍ਹਾਂ (ਕਾਂਗਰਸ) ਨੂੰ ਲਗਦਾ ਹੈ ਕਿ ਜੇਕਰ ਅਸੀਂ ਸਾਰੇ ਇਕਜੁਟ ਹੋ ਗਏ ਤਾਂ ਦੇਸ਼ ਨੂੰ ਵੰਡਣ ਦਾ ਉਨ੍ਹਾਂ ਦਾ ਏਜੰਡਾ ਅਸਫਲ ਹੋ ਜਾਵੇਗਾ।’’
ਮੋਦੀ ਨੇ ਕਿਹਾ, ‘‘ਹਰ ਕੋਈ ਵੇਖ ਸਕਦਾ ਹੈ ਕਿ ਕਾਂਗਰਸ ਉਨ੍ਹਾਂ ਲੋਕਾਂ ਦੇ ਕਿੰਨੀ ਨੇੜੇ ਖੜੀ ਹੈ ਜਿਨ੍ਹਾਂ ਦੇ ਭਾਰਤ ਲਈ ਕੋਈ ਚੰਗੇ ਇਰਾਦੇ ਨਹੀਂ ਹਨ।’’ ਉਨ੍ਹਾਂ ਕਿਹਾ, ‘‘ਹਾਲ ਹੀ ’ਚ ਦਿੱਲੀ ’ਚ ਹਜ਼ਾਰਾਂ ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ। ਇਕ ਕਾਂਗਰਸੀ ਆਗੂ ’ਤੇ ਇਸ ਦਾ ਸਰਗਨਾ ਹੋਣ ਦਾ ਸ਼ੱਕ ਹੈ। ਕਾਂਗਰਸ ਨੌਜੁਆਨਾਂ ਨੂੰ ਨਸ਼ਿਆਂ ਵਲ ਧੱਕ ਕੇ ਮਿਲਣ ਵਾਲੇ ਪੈਸੇ ਨਾਲ ਚੋਣਾਂ ਲੜਨਾ ਚਾਹੁੰਦੀ ਹੈ।’’
ਮੋਦੀ ਨੇ ਕਿਹਾ, ‘‘ਕਾਂਗਰਸ ਦੀ ਸੋਚ ਸ਼ੁਰੂ ਤੋਂ ਹੀ ਵਿਦੇਸ਼ੀ ਰਹੀ ਹੈ। ਬ੍ਰਿਟਿਸ਼ ਸ਼ਾਸਨ ਵਾਂਗ ਕਾਂਗਰਸ ਪਰਵਾਰ ਵੀ ਦਲਿਤਾਂ, ਓ.ਬੀ.ਸੀ. ਅਤੇ ਆਦਿਵਾਸੀਆਂ ਨੂੰ ਬਰਾਬਰ ਨਹੀਂ ਮੰਨਦਾ।’’ ਮੋਦੀ ਨੇ ਕਿਹਾ, ‘‘ਉਨ੍ਹਾਂ ਨੂੰ ਲਗਦਾ ਹੈ ਕਿ ਭਾਰਤ ’ਤੇ ਇਕ ਪਰਵਾਰ ਦਾ ਸ਼ਾਸਨ ਹੋਣਾ ਚਾਹੀਦਾ ਹੈ। ਇਹੀ ਕਾਰਨ ਹੈ ਕਿ ਉਨ੍ਹਾਂ (ਕਾਂਗਰਸ) ਦਾ ਬੰਜਾਰਾ ਭਾਈਚਾਰੇ ਪ੍ਰਤੀ ਹਮੇਸ਼ਾ ਅਪਮਾਨਜਨਕ ਰਵੱਈਆ ਰਿਹਾ ਹੈ।’’