ਅਮਰਗੜ੍ਹ ਤੋਂ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੇ ਭਰਾ ਬਲਵੰਤ ਸਿੰਘ ਨੂੰ ED ਨੇ ਕੀਤਾ ਗ੍ਰਿਫ਼ਤਾਰ

 ਅਮਰਗੜ੍ਹ ਤੋਂ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੇ ਭਰਾ ਬਲਵੰਤ ਸਿੰਘ ਨੂੰ ED ਨੇ ਕੀਤਾ ਗ੍ਰਿਫ਼ਤਾਰ

ਅਮਰਗੜ੍ਹ ਤੋਂ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਦੇ ਕੇਸ ਵਿੱਚ ਸਹਿ ਦੋਸ਼ੀ ਦੇ ਤੌਰ ਉਤੇ ਚੱਲ ਰਹੇ ਬਲਵੰਤ ਸਿੰਘ ਗੱਜਣ ਮਾਜਰਾ ਖਿਲਾਫ਼ ਈਡੀ ਵੱਲੋਂ ਕਸਟਡੀ ਦੀ ਮੰਗ ਲਈ ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ’ਚ ਅਰਜ਼ੀ ਲਗਾਈ ਗਈ ਸੀ, ਜੋ ਕਿ ਅੱਜ ਮੁਹਾਲੀ ਅਦਾਲਤ ਵੱਲੋਂ ਮਨਜ਼ੂਰ ਕਰਦੇ ਹੋਏ ਜਸਵੰਤ ਸਿੰਘ ਗੱਜਣਮਾਜਰਾ ਦੇ ਭਰਾ ਬਲਵੰਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਚਾਰ ਦਿਨ ਦੇ ਰਿਮਾਂਡ ਉਤੇ ਭੇਜਣ ਦੇ ਹੁਕਮ ਸੁਣਾਏ। 

ਜ਼ਿਕਰਯੋਗ ਹੈ ਕਿ 40 ਕਰੋੜ ਰੁਪਏ ਦੇ ਬੈਂਕ ਧੋਖਾਧੜੀ ਦੇ ਕੇਸ ’ਚ ਭਗੋੜਾ ਸੀ। ਅਮਰਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਜਲੰਧਰ ਦੀ ਟੀਮ ਨੇ ਕੁਝ ਦਿਨਾਂ ਤੱਕ ਛਾਪੇਮਾਰੀ ਕਰਨ ਤੋਂ ਬਾਅਦ ਗੱਜਣਮਾਜਰਾ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਸਤੰਬਰ 2022 ਵਿੱਚ ਈਡੀ ਨੇ ਜਸਵੰਤ ਸਿੰਘ ਗੱਜਣਮਾਜਰਾ ਦੇ ਘਰ ਤੋਂ ਇਲਾਵਾ ਅਮਰਗੜ੍ਹ ਵਿਖੇ ਉਨ੍ਹਾਂ ਦੇ ਪਰਿਵਾਰ ਵੱਲੋਂ ਚਲਾਏ ਜਾ ਰਹੇ ਪਸ਼ੂਆਂ ਦੇ ਚਾਰੇ ਦੀ ਫੈਕਟਰੀ ਅਤੇ ਇੱਕ ਸਕੂਲ 'ਤੇ ਛਾਪਾ ਮਾਰਿਆ ਸੀ। ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਪਿਛਲੇ ਸਾਲ 40.92 ਕਰੋੜ ਰੁਪਏ ਦੇ ਬੈਂਕ ਧੋਖਾਧੜੀ ਦੇ ਮਾਮਲੇ ਵਿੱਚ ਉਨ੍ਹਾਂ ਦੀ ਜਾਇਦਾਦ ਦੀ ਤਲਾਸ਼ੀ ਲੈਣ ਤੋਂ ਬਾਅਦ ਈਡੀ ਨੇ ਉਨ੍ਹਾਂ ਦੇ ਖ਼ਿਲਾਫ਼ ਪੀਐੱਮਐੱਲਏ ਤਹਿਤ ਕੇਸ ਦਰਜ ਕੀਤਾ ਸੀ।

ਸੀਬੀਆਈ ਨੇ ਕਿਹਾ ਸੀ ਕਿ ਤਲਾਸ਼ੀ ਦੌਰਾਨ 16.57 ਲੱਖ ਰੁਪਏ, 88 ਵਿਦੇਸ਼ੀ ਕਰੰਸੀ ਨੋਟ ਅਤੇ ਅਪਰਾਧਕ ਦਸਤਾਵੇਜ਼ ਬਰਾਮਦ ਕੀਤੇ ਗਏ ਸਨ। ਗੱਜਣਮਾਜਰਾ, ਕੇਂਦਰੀ ਜਾਂਚ ਬਿਊਰੋ ਵੱਲੋਂ ਦਰਜ ਕੀਤੇ ਗਏ ਬੈਂਕ ਧੋਖਾਧੜੀ ਦੇ ਕੇਸ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਸੱਤ ਲੋਕਾਂ ਅਤੇ ਕੰਪਨੀਆਂ ਵਿੱਚ ਸ਼ਾਮਲ ਹਨ।

ਪੰਜਾਬ ਦੇ ਲੁਧਿਆਣਾ ਵਿੱਚ ਬੈਂਕ ਆਫ਼ ਇੰਡੀਆ ਦੀ ਇੱਕ ਸ਼ਾਖਾ ਵੱਲੋਂ ਮਾਲੇਰਕੋਟਲਾ ਦੇ ਗਾਉਂਸਪੁਰਾ ਵਿਚ ਗੱਜਣਮਾਜਰਾ ਦੀ ਫਰਮ ਵਿਰੁੱਧ ਸ਼ਿਕਾਇਤ ਕਰਨ ਤੋਂ ਬਾਅਦ ਸੀਬੀਆਈ ਜਾਂਚ ਕੀਤੀ ਗਈ ਸੀ। ਅਨਾਜ ਦੇ ਵਪਾਰ ਵਿੱਚ ਲੱਗੀ ਹੋਈ ਇਸ ਫਰਮ ਨੂੰ 2011-14 ਤੋਂ ਚਾਰ ਅੰਤਰਾਲਾਂ 'ਤੇ ਬੈਂਕ ਵੱਲੋਂ ਕਰਜ਼ੇ ਮਨਜ਼ੂਰ ਕੀਤੇ ਗਏ ਸਨ।

ਬੈਂਕ ਦੀ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਗੱਜਣਮਾਜਰਾ ਦੀ ਫਰਮ ਤੇ ਇਸਦੇ ਡਾਇਰੈਕਟਰਾਂ ਵੱਲੋਂ ਕੰਪਨੀ ਦੇ ਸਟਾਕਾਂ ਤੇ ਹੋਰ ਤੱਥਾਂ ਨੂੰ ਗ਼ਲਤ ਇਰਾਦੇ ਨਾਲ ਲੁਕਾਇਆ ਸੀ ਤਾਂ ਜੋ ਬੈਂਕ ਦੀ ਰਿਕਵਰੀ ਨੂੰ ਪ੍ਰਭਾਵਿਤ ਕਰ ਸਕਣ। ਬੈਂਕ ਨੇ ਕਿਹਾ ਕਿ ਲਏ ਗਏ ਕਰਜ਼ੇ ਦੀ ਵਰਤੋਂ ਉਸ ਮਕਸਦ ਲਈ ਨਹੀਂ ਕੀਤੀ ਗਈ ਜਿਸ ਲਈ ਇਹ ਲਿਆ ਗਿਆ ਸੀ।