ਈਰਾਨੀ Defence Minister ਆਮੀਰ ਹਾਤਮੀ ਇਜ਼ਰਾਈਲੀ ਹਮਲੇ ''ਚ ਮਾਰਿਆ ਗਿਆ , ਸਥਾਨਕ ਮੀਡੀਆ ਦਾ ਦਾਅਵਾ

ਈਰਾਨੀ Defence Minister ਆਮੀਰ ਹਾਤਮੀ ਇਜ਼ਰਾਈਲੀ ਹਮਲੇ ''ਚ ਮਾਰਿਆ ਗਿਆ , ਸਥਾਨਕ ਮੀਡੀਆ ਦਾ ਦਾਅਵਾ

ਈਰਾਨ ਅਤੇ ਪੱਛਮੀ ਦੇਸ਼ਾਂ ਵਿਚਾਲੇ ਵਧਦੇ ਤਣਾਅ ਦਰਮਿਆਨ ਸ਼ਨੀਵਾਰ ਨੂੰ ਅਮਰੀਕਾ ਅਤੇ ਇਜ਼ਰਾਈਲ ਨੇ ਈਰਾਨ 'ਤੇ ਵੱਡੇ ਹਵਾਈ ਹਮਲੇ ਕੀਤੇ ਹਨ। ਈਰਾਨੀ ਅਤੇ ਖੇਤਰੀ ਮੀਡੀਆ ਵੱਲੋਂ ਦਿੱਤੀਆਂ ਜਾ ਰਹੀਆਂ ਖਬਰਾਂ ਮੁਤਾਬਕ ਇਨ੍ਹਾਂ ਹਮਲਿਆਂ ਦੀ ਪਹਿਲੀ ਲਹਿਰ ਵਿੱਚ ਈਰਾਨ ਦੇ Defence Minister ਮੇਜਰ ਜਨਰਲ ਅਮੀਰ ਹਾਤਮੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਹਾਲਾਂਕਿ, ਅਜੇ ਤੱਕ ਈਰਾਨੀ ਅਧਿਕਾਰੀਆਂ ਜਾਂ ਇਜ਼ਰਾਈਲੀ ਫੌਜ ਵੱਲੋਂ ਹਾਤਮੀ ਦੀ ਮੌਤ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।

ਤਹਿਰਾਨ 'ਚ ਜ਼ੋਰਦਾਰ ਧਮਾਕੇ ਰਾਜਧਾਨੀ ਤਹਿਰਾਨ ਵਿੱਚ ਕਈ ਜ਼ੋਰਦਾਰ ਧਮਾਕੇ ਸੁਣੇ ਗਏ ਹਨ। ਚਸ਼ਮਦੀਦਾਂ ਮੁਤਾਬਕ ਸ਼ਹਿਰ ਦੇ ਉਸ ਇਲਾਕੇ ਵਿੱਚੋਂ ਧੂੰਆਂ ਉੱਠਦਾ ਦੇਖਿਆ ਗਿਆ ਜਿੱਥੇ ਰਾਸ਼ਟਰਪਤੀ ਭਵਨ ਅਤੇ ਰਾਸ਼ਟਰੀ ਸੁਰੱਖਿਆ ਕੌਂਸਲ ਦੇ ਦਫ਼ਤਰ ਸਥਿਤ ਹਨ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਨ੍ਹਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਕੀ ਸੀ, ਪਰ ਹਾਤਮੀ ਦੀ ਅਹਿਮ ਭੂਮਿਕਾ ਕਾਰਨ ਉਨ੍ਹਾਂ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਚਰਚਾਵਾਂ ਗਰਮ ਹਨ।

ਮੇਜਰ ਜਨਰਲ ਅਮੀਰ ਹਾਤਮੀ ਈਰਾਨੀ ਫੌਜੀ ਸਥਾਪਨਾ ਵਿੱਚ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਸ਼ਖਸੀਅਤ ਹਨ। ਉਨ੍ਹਾਂ ਨੂੰ ਜੂਨ 2025 ਵਿੱਚ ਸੁਪਰੀਮ ਲੀਡਰ ਅਲੀ ਖ਼ਾਮੇਨੇਈ ਦੁਆਰਾ ਈਰਾਨੀ ਫੌਜ (ਆਰਤੇਸ਼) ਦਾ ਕਮਾਂਡਰ-ਇਨ-ਚੀਫ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਉਹ 2017 ਤੋਂ 2021 ਤੱਕ ਰਾਸ਼ਟਰਪਤੀ ਹਸਨ ਰੂਹਾਨੀ ਦੇ ਕਾਰਜਕਾਲ ਦੌਰਾਨ ਦੇਸ਼ ਦੇ ਰੱਖਿਆ ਮੰਤਰੀ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ।

ਤਣਾਅ ਦੇ ਮਾਹੌਲ 'ਚ, ਹਾਤਮੀ ਨੇ 31 ਜਨਵਰੀ 2026 ਨੂੰ ਅਮਰੀਕਾ ਅਤੇ ਇਜ਼ਰਾਈਲ ਨੂੰ ਸਿੱਧੀ ਚਿਤਾਵਨੀ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਈਰਾਨੀ ਹਥਿਆਰਬੰਦ ਬਲ 'ਹਾਈ ਅਲਰਟ' 'ਤੇ ਹਨ ਅਤੇ ਦੁਸ਼ਮਣ ਦੀ ਕਿਸੇ ਵੀ ਗਲਤੀ ਨਾਲ ਖੇਤਰੀ ਸਥਿਰਤਾ ਖਤਰੇ 'ਚ ਪੈ ਜਾਵੇਗੀ। ਉਹ ਈਰਾਨ ਦੇ ਮਿਜ਼ਾਈਲ ਤੇ ਡਰੋਨ ਪ੍ਰੋਗਰਾਮ ਦੇ ਵੱਡੇ ਸਮਰਥਕ ਮੰਨੇ ਜਾਂਦੇ ਹਨ ਤੇ ਉਨ੍ਹਾਂ ਦੇ ਕਾਰਜਕਾਲ ਦੌਰਾਨ 'ਖੋਰਮਸ਼ਹਿਰ' ਤੇ 'ਫਤਿਹ' ਵਰਗੀਆਂ ਬੈਲਿਸਟਿਕ ਮਿਜ਼ਾਈਲਾਂ ਦਾ ਵਿਕਾਸ ਹੋਇਆ ਸੀ।

1966 'ਚ ਜਨਜਾਨ 'ਚ ਜਨਮੇ ਹਾਤਮੀ ਨੇ ਮਹਿਜ਼ 14 ਸਾਲ ਦੀ ਉਮਰ 'ਚ ਈਰਾਨ-ਇਰਾਕ ਜੰਗ ਦੌਰਾਨ ਬਸੀਜ ਵਲੰਟੀਅਰ ਫੋਰਸ 'ਚ ਸ਼ਾਮਲ ਹੋ ਕੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਹ ਈਰਾਨ ਦੇ ਪਹਿਲੇ ਅਜਿਹੇ ਰੱਖਿਆ ਮੰਤਰੀ ਸਨ ਜੋ ਰੈਗੂਲਰ ਆਰਮੀ (ਆਰਤੇਸ਼) ਨਾਲ ਸਬੰਧ ਰੱਖਦੇ ਸਨ, ਜਦੋਂ ਕਿ ਆਮ ਤੌਰ 'ਤੇ ਇਹ ਅਹੁਦਾ ਰੈਵੋਲਿਊਸ਼ਨਰੀ ਗਾਰਡਜ਼ (IRGC) ਦੇ ਅਧਿਕਾਰੀਆਂ ਕੋਲ ਰਹਿੰਦਾ ਸੀ।

ਇਨ੍ਹਾਂ ਹਮਲਿਆਂ ਤੋਂ ਬਾਅਦ ਪੂਰੇ ਖੇਤਰ 'ਚ ਦਹਿਸ਼ਤ ਦਾ ਮਾਹੌਲ ਹੈ ਅਤੇ ਦੁਨੀਆ ਭਰ ਦੀਆਂ ਨਜ਼ਰਾਂ ਹੁਣ ਇਰਾਨ ਦੀ ਅਗਲੀ ਪ੍ਰਤੀਕਿਰਿਆ 'ਤੇ ਟਿਕੀਆਂ ਹੋਈਆਂ ਹਨ।