- Updated: February 28, 2026 05:07 PM
ਖਰੜ ਦੇ ਥਾਣਾ ਸਿਟੀ ਖੇਤਰ 'ਚ ਇੱਕ ਸਥਾਨਕ ਕਾਰੋਬਾਰੀ ਨੂੰ ਅੰਤਰਰਾਸ਼ਟਰੀ ਨੰਬਰ ਤੋਂ 4 ਕਰੋੜ ਰੁਪਏ ਦੀ ਫ਼ਿਰੌਤੀ ਮੰਗਣ ਅਤੇ ਜਾਨੋਂ ਮਾਰਨ ਦੀਆਂ ਗੰਭੀਰ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਇਸ ਸਬੰਧੀ ਅਣਪਛਾਤੇ ਮੋਬਾਇਲ ਨੰਬਰ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੀੜਤ ਕਾਰੋਬਾਰੀ ਵੱਲੋਂ ਦਿੱਤੀ ਸ਼ਿਕਾਇਤ ਅਨੁਸਾਰ 17 ਦਸੰਬਰ 2025 ਤੋਂ ਉਸ ਦੇ ਮੋਬਾਇਲ 'ਤੇ +44 ਨਾਲ ਸ਼ੁਰੂ ਹੋਣ ਵਾਲੇ ਇੱਕ ਵਿਦੇਸ਼ੀ ਨੰਬਰ ਤੋਂ ਵਟਸਐਪ ਕਾਲਾਂ ਅਤੇ ਮੈਸੇਜ ਆ ਰਹੇ ਸਨ। ਫੋਨ ਕਰਨ ਵਾਲੇ ਨੇ ਖ਼ੁਦ ਨੂੰ ਇੱਕ ਗੈਂਗ ਦਾ ਮੈਂਬਰ ਦੱਸਦਿਆਂ 4 ਕਰੋੜ ਰੁਪਏ ਦੀ ਮੰਗ ਕੀਤੀ ਹੈ। ਮੁਲਜ਼ਮ ਨੇ ਪੀੜਤ ਨੂੰ ਡਰਾਉਣ ਲਈ ਹਾਲ ਹੀ 'ਚ ਮਾਰੇ ਗਏ ਰਾਣਾ ਬਲਾਚੌਰੀਆ ਦੇ ਕਤਲ ਦਾ ਹਵਾਲਾ ਦਿੱਤਾ। ਧਮਕੀ ਦਿੰਦਿਆਂ ਮੁਲਜ਼ਮ ਨੇ ਕਿਹਾ ਕਿ ਰਾਣਾ ਦਾ ਕੰਮ ਤਾਂ ਕਰ ਦਿੱਤਾ, ਹੁਣ ਤੂੰ ਆਪਣਾ ਜੁਗਾੜ ਕਰ ਲੈ। ਜੇ ਪੈਸੇ ਨਹੀਂ ਦਿੱਤੇ ਤਾਂ ਤੇਰੇ ਨਾਲ ਵੀ ਉਹੀ ਹੋਵੇਗਾ।
ਪੀੜਤ ਨੇ ਦੱਸਿਆ ਕਿ ਇਨ੍ਹਾਂ ਧਮਕੀਆਂ ਕਾਰਨ ਉਸ ਦੇ ਪਰਿਵਾਰ 'ਚ ਭਾਰੀ ਦਹਿਸ਼ਤ ਦਾ ਮਾਹੌਲ ਹੈ। ਉਸ ਨੇ ਪੁਲਸ ਨੂੰ ਜਾਣਕਾਰੀ ਦਿੱਤੀ ਕਿ 19 ਦਸੰਬਰ 2025 ਦੀ ਦੇਰ ਰਾਤ ਕੁੱਝ ਸ਼ੱਕੀ ਵਿਅਕਤੀ ਉਸ ਦੇ ਘਰ ਦੇ ਬਾਹਰ ਘੁੰਮਦੇ ਦੇਖੇ ਗਏ ਸਨ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮੁਲਜ਼ਮਾਂ ਵੱਲੋਂ ਘਰ ਦੀ ਰੇਕੀ ਵੀ ਕੀਤੀ ਗਈ ਹੋ ਸਕਦੀ ਹੈ।
ਖਰੜ ਪੁਲਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਸ ਅਧਿਕਾਰੀਆਂ ਅਨੁਸਾਰ, ਤਕਨੀਕੀ ਜਾਂਚ ਰਾਹੀਂ ਵਟਸਐਪ ਸੰਦੇਸ਼ਾਂ ਅਤੇ ਕਾਲਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਪੁਲਸ ਦਾ ਦਾਅਵਾ ਹੈ ਕਿ ਜਲਦੀ ਹੀ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।