ਗਰਮੀ ਦੇ ਕਹਿਰ ਤੋਂ ਪੰਜਾਬ ਦੇ ਲੋਕਾਂ ਨੂੰ ਰਾਹਤ ਨਹੀਂ,21 ਜ਼ਿਲ੍ਹਿਆਂ ''ਚ ਲੂ ਦਾ ਅਲਰਟ

ਗਰਮੀ ਦੇ ਕਹਿਰ ਤੋਂ ਪੰਜਾਬ ਦੇ ਲੋਕਾਂ ਨੂੰ ਰਾਹਤ ਨਹੀਂ,21 ਜ਼ਿਲ੍ਹਿਆਂ ''ਚ ਲੂ ਦਾ ਅਲਰਟ

ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ’ਚ ਤਾਪਮਾਨ 43 ਡਿਗਰੀ ਨੂੰ ਪਾਰ ਕਰ ਗਿਆ ਹੈ। ਪਠਾਨਕੋਟ ’ਚ ਸਭ ਤੋਂ ਵੱਧ ਤਾਪਮਾਨ 47.8 ਡਿਗਰੀ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅੱਜ 21 ਜ਼ਿਲ੍ਹਿਆਂ ਲਈ ਹੀਟ ਵੇਵ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਵਿੱਚੋਂ 19 ਲਈ ਯੈਲੋ ਅਲਰਟ ਅਤੇ 2 ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਮੁਤਾਬਕ 17 ਜੂਨ ਤੱਕ ਲੋਕਾਂ ਨੂੰ ਲੂ ਅਤੇ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਦੇ ਨਾਲ ਹੀ ਸੂਬੇ ’ਚ ਝੋਨੇ ਦੇ ਸੀਜ਼ਨ ਦੀ ਸ਼ੁਰੂਆਤ ਤੋਂ ਹੀ ਬਿਜਲੀ ਦੀ ਖਪਤ ਵਧੀ ਹੈ। ਵੀਰਵਾਰ ਨੂੰ ਬਿਜਲੀ ਦੀ ਵੱਧ ਤੋਂ ਵੱਧ ਮੰਗ 15,379 ਮੈਗਾਵਾਟ ਨੂੰ ਛੂਹ ਗਈ, ਜੋ ਇਸ ਸੀਜ਼ਨ ’ਚ ਹੁਣ ਤੱਕ ਦੀ ਸਭ ਤੋਂ ਵੱਧ ਹੈ। ਵਿਭਾਗ ਨੇ ਲੋਕਾਂ ਨੂੰ ਗਰਮੀ ਤੋਂ ਬਚਣ ਦੀ ਸਲਾਹ ਦਿੱਤੀ ਹੈ।

ਪੰਜਾਬ ਦੇ 2 ਜ਼ਿਲ੍ਹਿਆਂ ਵਿਚ ਅੱਜ ਭਿਆਨਕ ਗਰਮੀ ਪੈ ਸਕਦੀ ਹੈ। ਇਨ੍ਹਾਂ ਵਿੱਚ ਲੁਧਿਆਣਾ ਅਤੇ ਬਰਨਾਲਾ ਸ਼ਾਮਲ ਹਨ। ਵਿਭਾਗ ਵੱਲੋਂ ਦੋਵਾਂ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਜਦਕਿ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਮਾਨਸਾ, ਸੰਗਰੂਰ, ਪਟਿਆਲਾ, ਮੁਹਾਲੀ ਅਤੇ ਮਲੇਰਕੋਟਲਾ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਪਠਾਨਕੋਟ ’ਚ ਸਭ ਤੋਂ ਵੱਧ ਤਾਪਮਾਨ 47.8 ਡਿਗਰੀ ਦਰਜ ਕੀਤਾ ਗਿਆ। ਅੰਮ੍ਰਿਤਸਰ ਵਿਚ 45.2 ਡਿਗਰੀ, ਲੁਧਿਆਣਾ ਵਿਚ 45.1 ਡਿਗਰੀ, ਪਟਿਆਲਾ ਵਿਚ 45.6, ਬਠਿੰਡਾ ਵਿਚ 47.0 ਡਿਗਰੀ, ਫਰੀਦਕੋਟ ਵਿਚ 46.1, ਫਤਿਹਗੜ੍ਹ ਸਾਹਿਬ ਵਿਚ 44.9, ਫ਼ਿਰੋਜ਼ਪੁਰ ਵਿਚ 44.3 ਡਿਗਰੀ ਦਰਜ ਕੀਤਾ ਗਿਆ ਹੈ। ਜਦਕਿ ਜਲੰਧਰ 43.8, ਮੋਗਾ 43.7, ਮੋਹਾਲੀ 44.5, ਰੋਪੜ 43.6 ਅਤੇ ਰੂਪਨਗਰ 44.1 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ। ਹਾਲਾਂਕਿ ਔਸਤ ਅਧਿਕਤਮ ਤਾਪਮਾਨ 'ਚ ਕੋਈ ਵੱਡਾ ਬਦਲਾਅ ਨਹੀਂ ਹੋਇਆ ਹੈ।