Yograj Singh ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਅਦਾਕਾਰ ਖਿਲਾਫ ਕਾਰਵਾਈ ‘ਤੇ ਲੱਗੀ ਰੋਕ

Yograj Singh ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਅਦਾਕਾਰ ਖਿਲਾਫ ਕਾਰਵਾਈ ‘ਤੇ ਲੱਗੀ ਰੋਕ

ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਅਤੇ ਅਦਾਕਾਰ ਯੋਗਰਾਜ ਸਿੰਘ ਨੂੰ ਔਰਤਾਂ ਵਿਰੁੱਧ ਕਥਿਤ ਅਪਮਾਨਜਨਕ ਟਿੱਪਣੀਆਂ ਦੇ ਮਾਮਲੇ ਵਿੱਚ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਯੋਗਰਾਜ ਸਿੰਘ ਖਿਲਾਫ ਕਾਰਵਾਈ ‘ਤੇ ਰੋਕ ਲਾ ਦਿੱਤੀ ਹੈ। ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵੱਲੋਂ ਉਨ੍ਹਾਂ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਕਰਨ ਤੋਂ ਬਾਅਦ ਉਨ੍ਹਾਂ ਨੇ ਹਾਈ ਕੋਰਟ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ। ਇਸ ਮਾਮਲੇ ਦੀ ਸੁਣਵਾਈ ਸ਼ੁੱਕਰਵਾਰ ਨੂੰ ਹੋਈ, ਜਿੱਥੇ ਅਦਾਲਤ ਨੇ ਯੋਗਰਾਜ ਸਿੰਘ ਨੂੰ ਜ਼ਮਾਨਤ ਦੇ ਦਿੱਤੀ।

ਇਹ ਮਾਮਲਾ ਵੈੱਬ ਸੀਰੀਜ਼ “ਲੁੱਖੇ” ਦੇ ਇੱਕ ਵਾਇਰਲ ਵੀਡੀਓ ਕਲਿੱਪ ਨਾਲ ਜੁੜਿਆ ਹੈ, ਜਿਸ ਵਿੱਚ ਯੋਗਰਾਜ ਸਿੰਘ ਦੇ ਕਿਰਦਾਰ ਨੇ ਕਥਿਤ ਤੌਰ ‘ਤੇ ਔਰਤਾਂ ਵਿਰੁੱਧ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਸੀ।

ਐਫਆਈਆਰ ਮੁਤਾਬਕ 8 ਮਈ, 2026 ਨੂੰ ਰਿਲੀਜ਼ ਹੋਈ ਵੈੱਬ ਸੀਰੀਜ਼ “ਲੁੱਖੇ” ਦੀ ਇੱਕ ਕਲਿੱਪ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਸ਼ਿਕਾਇਤਕਰਤਾ ਵਕੀਲ ਉੱਜਵਲ ਭਸੀਨ ਨੇ ਦੋਸ਼ ਲਗਾਇਆ ਕਿ ਵੀਡੀਓ ਵਿੱਚ ਔਰਤਾਂ ਵਿਰੁੱਧ ਬਹੁਤ ਹੀ ਅਪਮਾਨਜਨਕ ਅਤੇ ਅਸ਼ਲੀਲ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ, ਜਿਸ ਨਾਲ ਪੂਰੇ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

Image

ਚੰਡੀਗੜ੍ਹ ਦੀ ਅਦਾਲਤ ਨੇ ਆਪਣੇ ਹੁਕਮ ਵਿੱਚ ਇਹ ਵੀ ਕਿਹਾ ਕਿ ਵੀਡੀਓ ਕਲਿੱਪ ਵਿੱਚ ਵਰਤੇ ਗਏ ਸ਼ਬਦ ਇੰਨੇ ਇਤਰਾਜ਼ਯੋਗ ਸਨ ਕਿ ਪਰਿਵਾਰ ਨਾਲ ਬੈਠ ਕੇ ਉਨ੍ਹਾਂ ਨੂੰ ਸੁਣਨਾ ਵੀ ਮੁਸ਼ਕਲ ਸੀ। ਯੋਗਰਾਜ ਦੀ ਨੁਮਾਇੰਦਗੀ ਕਰਨ ਵਾਲੇ ਵਕੀਲਾਂ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਉਹ ਇੱਕ ਸਾਬਕਾ ਭਾਰਤੀ ਕ੍ਰਿਕਟਰ, ਪੰਜਾਬੀ ਅਦਾਕਾਰ ਅਤੇ ਜਨਤਕ ਸ਼ਖਸੀਅਤ ਸੀ। ਉਸਨੂੰ ਇਸ ਮਾਮਲੇ ਵਿੱਚ ਗਲਤ ਤਰੀਕੇ ਨਾਲ ਫਸਾਇਆ ਗਿਆ ਹੈ।

ਬਚਾਅ ਪੱਖ ਨੇ ਦਲੀਲ ਦਿੱਤੀ ਕਿ ਵੈੱਬ ਸੀਰੀਜ਼ ਦੀ ਸਕ੍ਰਿਪਟ ਪਹਿਲਾਂ ਤੋਂ ਲਿਖੀ ਗਈ ਸੀ ਅਤੇ ਉਹ ਸਿਰਫ਼ ਇੱਕ ਅਦਾਕਾਰ ਵਜੋਂ ਕੰਮ ਕਰ ਰਿਹਾ ਸੀ। ਉਸ ਦਾ ਕਿਸੇ ਨੂੰ ਠੇਸ ਪਹੁੰਚਾਉਣ ਜਾਂ ਔਰਤਾਂ ਦਾ ਅਪਮਾਨ ਕਰਨ ਦਾ ਕੋਈ ਇਰਾਦਾ ਨਹੀਂ ਸੀ।

ਵਕੀਲਾਂ ਨੇ ਇਹ ਵੀ ਦਲੀਲ ਦਿੱਤੀ ਕਿ ਸੰਵਿਧਾਨ ਦੀ ਧਾਰਾ 19(1)(a) ਦੇ ਤਹਿਤ ਪ੍ਰਗਟਾਵੇ ਦੀ ਆਜ਼ਾਦੀ ਦੀ ਗਾਰੰਟੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਾਮਲੇ ਵਿੱਚ ਉਨ੍ਹਾਂ ਤੋਂ ਕੋਈ ਰਿਕਵਰੀ ਨਹੀਂ ਹੋਣੀ ਅਤੇ ਉਹ ਜਾਂਚ ਵਿੱਚ ਸਹਿਯੋਗ ਕਰਨ ਲਈ ਤਿਆਰ ਹਨ।