ਬਿਸ਼ਨੋਈ ਗੈਂਗ ਨੇ ਕੈਨੇਡਾ ਪੁਲਸ ਨੂੰ ਚਿੱਠੀ ਲਿਖ ਦਿੱਤੀ ਚੁਣੌਤੀ ,"''ਸਾਡੇ ਕੋਲ 1000 ਤੋਂ ਵੱਧ ਸ਼ੂਟਰ.....''"

ਬਿਸ਼ਨੋਈ ਗੈਂਗ ਨੇ ਕੈਨੇਡਾ ਪੁਲਸ ਨੂੰ ਚਿੱਠੀ ਲਿਖ ਦਿੱਤੀ ਚੁਣੌਤੀ ,

ਕੈਨੇਡਾ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੀਆਂ ਗਤੀਵਿਧੀਆਂ ਸਬੰਧੀ ਸਥਾਨਕ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਕੈਨੇਡਾ ਪੁਲਿਸ ਵੱਲੋਂ ਕੀਤੇ ਗਏ ਇੱਕ ਵੱਡੇ ਖੁਲਾਸੇ ਅਨੁਸਾਰ ਬੀਤੇ ਸਾਲ ਬਿਸ਼ਨੋਈ ਗੈਂਗ ਨੇ ਐਬਟਸਫੋਰਡ ਪੁਲਿਸ ਸਟੇਸ਼ਨ ਨੂੰ ਇੱਕ ਧਮਕੀ ਭਰੀ ਚਿੱਠੀ ਭੇਜੀ ਸੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਦੇ ਨੈੱਟਵਰਕ ਵਿੱਚ 1000 ਤੋਂ ਵੱਧ ਸ਼ੂਟਰ ਮੌਜੂਦ ਹਨ ਜੋ ਕਿਸੇ ਵੀ ਸਮੇਂ ਗੋਲੀਬਾਰੀ ਕਰਨ ਲਈ ਤਿਆਰ ਹਨ। ਨਾਲ ਹੀ ਗੈਂਗ ਨੇ ਸਪੱਸ਼ਟ ਚੇਤਾਵਨੀ ਦਿੱਤੀ ਕਿ ਹਰ ਕਾਰੋਬਾਰੀ ਨੂੰ 'ਟੈਕਸ' ਦੇਣਾ ਪਵੇਗਾ।

ਵੀਰਵਾਰ ਨੂੰ ਇੱਕ ਦੇਸ਼ ਨਿਕਾਲੇ ਮਾਮਲੇ ਦੀ ਸੁਣਵਾਈ ਦੌਰਾਨ ਜਾਂਚਕਰਤਾਵਾਂ ਨੇ ਦੱਸਿਆ ਕਿ ਇਹ ਚਿੱਠੀ 13 ਅਗਸਤ, 2025 ਨੂੰ ਪੁਲਿਸ ਸਟੇਸ਼ਨ ਪਹੁੰਚੀ ਸੀ। ਚਿੱਠੀ ਵਿੱਚ ਗੈਂਗ ਨੇ ਸਪੱਸ਼ਟ ਕਿਹਾ ਸੀ ਕਿ ਕੈਨੇਡਾ ਵਿੱਚ ਹਰ ਕਾਰੋਬਾਰੀ ਨੂੰ 'ਟੈਕਸ' ਦੇਣਾ ਪਵੇਗਾ। ਜੇਕਰ ਕੋਈ ਪੈਸੇ ਦੇਣ ਤੋਂ ਇਨਕਾਰ ਕਰਦਾ ਹੈ, ਤਾਂ ਉਸ ਦੇ ਘਰ ਜਾਂ ਕਾਰੋਬਾਰੀ ਸਥਾਨ 'ਤੇ ਗੋਲੀਆਂ ਚਲਾਈਆਂ ਜਾਂਦੀਆਂ ਹਨ।

ਰਿਪੋਰਟਾਂ ਅਨੁਸਾਰ ਪਿਛਲੇ ਕੁਝ ਮਹੀਨਿਆਂ ਤੋਂ ਇਹ ਗੈਂਗ ਖ਼ਾਸ ਤੌਰ 'ਤੇ ਦੱਖਣੀ ਏਸ਼ੀਆਈ ਮੂਲ ਦੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਧਮਕੀਆਂ ਦੇਣ ਲਈ ਅਕਸਰ ਵਾਟਸਐਪ ਕਾਲਾਂ ਦੀ ਵਰਤੋਂ ਕੀਤੀ ਜਾਂਦੀ ਹੈ। ਪੁਲਿਸ ਜਾਂਚ ਵਿੱਚ ਇੱਕ ਹੋਰ ਚਿੰਤਾਜਨਕ ਤੱਥ ਸਾਹਮਣੇ ਆਇਆ ਹੈ। ਪੁਲਿਸ ਅਧਿਕਾਰੀ ਕੇਵਿਨ ਸੇਂਟ ਲੁਈਸ ਨੇ ਦੱਸਿਆ ਕਿ ਬਿਸ਼ਨੋਈ ਗੈਂਗ ਖ਼ਾਸ ਤੌਰ 'ਤੇ ਭਾਰਤ ਤੋਂ ਆਏ ਵਿਦਿਆਰਥੀਆਂ ਅਤੇ ਵਰਕ ਪਰਮਿਟ 'ਤੇ ਆਏ ਨੌਜਵਾਨਾਂ ਨੂੰ ਆਪਣੇ ਨੈੱਟਵਰਕ ਵਿੱਚ ਸ਼ਾਮਲ ਕਰ ਰਿਹਾ ਹੈ। ਇਨ੍ਹਾਂ ਨੌਜਵਾਨਾਂ ਨੂੰ ਮਾਮੂਲੀ ਰਕਮ ਦੇ ਕੇ ਫਾਇਰਿੰਗ ਵਰਗੀਆਂ ਵਾਰਦਾਤਾਂ ਲਈ ਵਰਤਿਆ ਜਾਂਦਾ ਹੈ। 

ਫਿਰੌਤੀ ਮੰਗਣ ਵੇਲੇ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਨਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ, ਹਾਲਾਂਕਿ ਪੁਲਿਸ ਮੁਤਾਬਕ ਕਈ ਮਾਮਲਿਆਂ ਵਿਚ ਕੈਨੇਡਾ ਵਿੱਚ ਇਸ ਨੂੰ ਜੋਰਾ ਸਿੱਧੂ ਨਾਂ ਦਾ ਮੈਂਬਰ ਆਪਰੇਟ ਕਰ ਰਿਹਾ ਹੈ।ਬਿਸ਼ਨੋਈ ਗੈਂਗ ਦਾ ਜਾਲ ਬ੍ਰਿਟਿਸ਼ ਕੋਲੰਬੀਆ, ਅਲਬਰਟਾ, ਓਂਟਾਰੀਓ ਅਤੇ ਮੈਨੀਟੋਬਾ ਤੱਕ ਫੈਲ ਚੁੱਕਾ ਹੈ। ਪੁਲਿਸ ਅਨੁਸਾਰ ਗੈਂਗ ਕੋਲ ਹਥਿਆਰਾਂ ਦੀ ਸਪਲਾਈ ਇੰਨੀ ਤੇਜ਼ ਹੈ ਕਿ ਇੱਕ ਹੀ ਹਥਿਆਰ 24 ਘੰਟਿਆਂ ਦੇ ਅੰਦਰ ਦੋ ਵੱਖ-ਵੱਖ ਸੂਬਿਆਂ ਵਿੱਚ ਵਾਰਦਾਤ ਲਈ ਵਰਤਿਆ ਗਿਆ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਸਰਕਾਰ ਨੇ ਪਿਛਲੇ ਸਾਲ ਹੀ ਬਿਸ਼ਨੋਈ ਗੈਂਗ ਨੂੰ ਅਧਿਕਾਰਤ ਤੌਰ 'ਤੇ ਅੱਤਵਾਦੀ ਸੰਗਠਨਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਸੀ।

ਗੈਂਗਸਟਰਾਂ ਵਿਰੁੱਧ ਕਾਰਵਾਈ ਕਰਦਿਆਂ ਕੈਨੇਡਾ ਪੁਲਿਸ ਨੇ ਹੁਣ ਤੱਕ ਫਿਰੌਤੀ ਅਤੇ ਗੈਂਗ ਗਤੀਵਿਧੀਆਂ ਦੇ 446 ਮਾਮਲਿਆਂ ਦੀ ਜਾਂਚ ਸ਼ੁਰੂ ਕੀਤੀ ਹੈ। 118 ਲੋਕਾਂ ਵਿਰੁੱਧ ਦੇਸ਼ ਨਿਕਾਲੇ ਦੇ ਹੁਕਮ ਜਾਰੀ ਕੀਤੇ ਗਏ ਹਨ। 55 ਲੋਕਾਂ ਨੂੰ ਪਹਿਲਾਂ ਹੀ ਕੈਨੇਡਾ ਤੋਂ ਬਾਹਰ ਭੇਜਿਆ ਜਾ ਚੁੱਕਾ ਹੈ।