CM ਭਗਵੰਤ ਮਾਨ ਅਤੇ ਕੇਜਰੀਵਾਲ ਪਹੁੰਚੇ ਜੀਂਦ, ਕੱਢੀ ਤਿਰੰਗਾ ਯਾਤਰਾ, 24 ਘੰਟੇ ਮੁਫ਼ਤ ਬਿਜਲੀ ਦਾ ਵਾਅਦਾ

CM ਭਗਵੰਤ ਮਾਨ ਅਤੇ ਕੇਜਰੀਵਾਲ ਪਹੁੰਚੇ ਜੀਂਦ, ਕੱਢੀ ਤਿਰੰਗਾ ਯਾਤਰਾ, 24 ਘੰਟੇ ਮੁਫ਼ਤ ਬਿਜਲੀ ਦਾ ਵਾਅਦਾ

ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਹਰਿਆਣਾ ਦੇ ਜੀਂਦ ਵਿਚ ਤਿਰੰਗਾ ਯਾਤਰਾ ਤੇ ਮੈਗਾ ਰੋਡ ਸ਼ੋਅ ਕੱਢਿਆ। ਇਸ ਦੌਰਾਨ ਹਰਿਆਣਾ ਦੇ ਕੋਨੇ-ਕੋਨੇ ਤੋਂ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਸਮਰਥਕ ਜੀਂਦ ਪਹੁੰਚੇ। ਇਸ ਦੇ ਨਾਲ ਹੀ ਰਾਸ਼ਟਰੀ ਸੰਗਠਨ ਦੇ ਜਨਰਲ ਸਕੱਤਰ ਡਾ. ਸੰਦੀਪ ਪਾਠਕ ਵੀ ਰੋਡ ਸ਼ੋਅ ਲਈ ਪੁੱਜੇ। ‘ਆਪ’ ਦੇ ਸੂਬਾ ਪ੍ਰਧਾਨ ਡਾ. ਸੁਸ਼ੀਲ ਗੁਪਤਾ, ਸੀਨੀਅਰ ਮੀਤ ਪ੍ਰਧਾਨ ਅਨੁਰਾਗ ਢਾਂਡਾ, ਸੂਬਾ ਪ੍ਰਚਾਰ ਕਮੇਟੀ ਦੇ ਪ੍ਰਧਾਨ ਡਾ. ਅਸ਼ੋਕ ਤੰਵਰ, ਰਾਸ਼ਟਰੀ ਸੰਯੁਕਤ ਸਕੱਤਰ ਮੰਤਰੀ ਨਿਰਮਲ ਸਿੰਘ ਤੇ ਸੂਬਾ ਮੀਤ ਪ੍ਰਧਾਨ ਚਿੱਤਰਾ ਸਰਵਰਾ ਅਤੇ ਹੋਰ ਸੀਨੀਅਰ ਆਗੂ ਤਿਰੰਗਾ ਯਾਤਰਾ ਨੂੰ ਲੈ ਕੇ ਇਕ ਹਫ਼ਤਾ ਪਹਿਲਾਂ ਜੀਂਦ ’ਚ ਹਨ।

ਹਰਿਆਣਾ ਮੇਰੀ ਜਨਮ ਭੂਮੀ ਤੇ ਦਿੱਲੀ ਮੇਰੀ ਕੰਮ ਵਾਲੀ ਥਾਂ : ਅਰਵਿੰਦ ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਭਾਰਤ ਮਾਤਾ ਦੀ ਜੈ ਦੇ ਨਾਅਰੇ ਨਾਲ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਤਿਰੰਗੇ ਦੇ ਸਨਮਾਨ ਨੂੰ ਕਾਇਮ ਰੱਖਣਾ ਹੋਵੇਗਾ। ਹਰਿਆਣਾ ਮੇਰੀ ਜਨਮ ਭੂਮੀ ਹੈ ਅਤੇ ਦਿੱਲੀ ਮੇਰੀ ਕੰਮ ਵਾਲੀ ਥਾਂ ਹੈ। ਇੱਥੇ ਮੌਜੂਦ ਲੋਕਾਂ ’ਚੋਂ ਕੋਈ ਮੇਰਾ ਚਾਚਾ ਹੈ, ਕੋਈ ਮਾਮਾ। ਕੁਝ ਮੇਰੇ ਚਚੇਰੇ ਭਰਾ ਹਨ ਤੇ ਕੁਝ ਦੂਰ ਦੇ ਰਿਸ਼ਤੇਦਾਰ ਹਨ।

ਕੇਜਰੀਵਾਲ ਨੇ ਕਿਹਾ ਕਿ ਹਰਿਆਣਾ ’ਚ ਕਾਂਗਰਸ ਨੇ 25 ਸਾਲ ਤੇ ਭਾਜਪਾ ਨੇ 9 ਸਾਲ ਰਾਜ ਕੀਤਾ। ਕੋਈ ਇਕ ਕੰਮ ਦੱਸੋ, ਜੋ ਭਾਜਪਾ ਜਾਂ ਕਾਂਗਰਸ ਨੇ ਕੀਤਾ ਹੋਵੇ। ਬਿਜਲੀ, ਪਾਣੀ, ਸਿੰਚਾਈ ਦੀ ਕੋਈ ਸਹੂਲਤ ਨਹੀਂ ਦਿੱਤੀ ਗਈ। ਜੇਕਰ ਤੁਸੀਂ ਸਕੂਲ ਜਾਂ ਹਸਪਤਾਲ ਵੀ ਨਹੀਂ ਬਣਾਇਆ ਤਾਂ ਤੁਸੀਂ ਉਨ੍ਹਾਂ ਨੂੰ ਵੋਟ ਕਿਉਂ ਪਾ ਰਹੇ ਹੋ। ਉਨ੍ਹਾਂ ਕਿਹਾ ਕਿ ਹੁਣ ਤੱਕ ਇਹ ਮਜਬੂਰੀ ਬਣ ਗਈ ਸੀ ਕਿ ਉਹ ਕਾਂਗਰਸ ਤੋਂ ਨਾਰਾਜ਼ ਹੋ ਕੇ ਭਾਜਪਾ ਨੂੰ ਵੋਟ ਪਾਉਂਦੇ ਹਨ ਤੇ ਭਾਜਪਾ ਤੋਂ ਨਾਰਾਜ਼ ਹੋ ਕੇ ਕਾਂਗਰਸ ਨੂੰ ਵੋਟ ਦਿੰਦੇ ਹਨ। ਹੁਣ ਤੀਜਾ ਬਦਲ ਆਮ ਆਦਮੀ ਪਾਰਟੀ ਦੇ ਰੂਪ ’ਚ ਲੋਕਾਂ ਦੇ ਸਾਹਮਣੇ ਆ ਗਿਆ ਹੈ। ਜੇਕਰ ਜਨਤਾ ਉਸ ਨੂੰ ਮੌਕਾ ਦੇਵੇਗੀ ਤਾਂ ਉਹ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਦਾ ਕੰਮ ਕਰੇਗੀ। ਪ੍ਰਾਈਵੇਟ ਸਕੂਲਾਂ ਦੀ ਗੁੰਡਾਗਰਦੀ ਨੂੰ ਖ਼ਤਮ ਕਰਨਗੇ।

ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਚ ‘ਆਪ’ ਦੀ ਸਰਕਾਰ ਵਿਚ 30 ਹਜ਼ਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ। ਇਸ ਦੇ ਨਾਲ ਹੀ ਨੌਜਵਾਨਾਂ ਨੂੰ ਜਲਦ ਹੀ 3 ਲੱਖ ਪ੍ਰਾਈਵੇਟ ਨੌਕਰੀਆਂ ਦਿੱਤੀਆਂ ਜਾਣਗੀਆਂ।

ਸੀਐੱਮ ਖੱਟਰ ’ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਮੈਂ ਇਕ ਵੀਡੀਓ ਦੇਖੀ ਜਿਸ ’ਚ ਇਕ ਕਿਸਾਨ ਮੁੱਖ ਮੰਤਰੀ ਖੱਟਰ ਨਾਲ 8 ਤੋਂ 12 ਘੰਟੇ ਬਿਜਲੀ ਦੇਣ ਦੀ ਗੱਲ ਕਰ ਰਿਹਾ ਹੈ। ਜਿਸ ’ਤੇ ਖੱਟਰ ਕਹਿੰਦੇ ਹਨ ਕਿ ਇਹ ਨਹੀਂ ਹੋਵੇਗਾ, ਇਹ ਨਹੀਂ ਹੋਵੇਗਾ, ਇਹ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਜਿਸ ਦਿਨ ਹਰਿਆਣਾ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ, ਉਸ ਦਿਨ ਤੋਂ ਹਰਿਆਣਾ ਨੂੰ 24 ਘੰਟੇ ਮੁਫ਼ਤ ਬਿਜਲੀ ਮਿਲੇਗੀ।

ਤੁਹਾਡਾ ਹਰ ਕਦਮ ਮੱਥੇ ’ਤੇ ਹੈ : ਭਗਵੰਤ ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੀਂਦ ਦੀ ਧਰਤੀ ’ਤੇ ਪਹੁੰਚੇ ਸਾਰੇ ਵਰਕਰਾਂ ਤੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਸੀਂ ਸਾਰੇ ਆਪਣੇ ਕੰਮ ਛੱਡ ਕੇ, ਸਮਾਂ ਕੱਢ ਕੇ ਇਸ ਤਿਰੰਗੇ ਦੀ ਯਾਤਰਾ ’ਤੇ ਆਏ ਹੋ, ਤੁਹਾਡਾ ਹਰ ਕਦਮ ਸਾਡੇ ਮੱਥੇ ’ਤੇ ਹੈ।

ਉਨ੍ਹਾਂ ਕਿਹਾ ਕਿ ਹਰਿਆਣਾ ਦੇ ਲੋਕਾਂ ਲਈ ਖ਼ੁਸ਼ੀ ਦੀ ਗੱਲ ਹੈ ਕਿ ਹਰਿਆਣਾ ਦੇ ਲਾਲ ਅਰਵਿੰਦ ਕੇਜਰੀਵਾਲ ਹਰਿਆਣਾ ਦੀ ਧਰਤੀ ਤੋਂ ਪੈਦਾ ਹੋਏ ਅਜਿਹੇ ਵਿਅਕਤੀ ਹਨ, ਜਿਨ੍ਹਾਂ ਨੇ ਪੂਰੇ ਦੇਸ਼ ਦੀ ਰਾਜਨੀਤੀ ਦੀ ਦਸ਼ਾ ਤੇ ਦਿਸ਼ਾ ਹੀ ਬਦਲ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਬਦਲਾਅ ਲਿਆਉਣ ਅਤੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਤਿਰੰਗਾ ਯਾਤਰਾ ਬਹੁਤ ਜ਼ਰੂਰੀ ਹੈ। ਇਹ ਤਿਰੰਗਾ ਯਾਤਰਾ ਹਰਿਆਣਾ ਵਿਚ ਬਦਲਾਅ ਦੀ ਲਹਿਰ ਲੈ ਕੇ ਆਵੇਗੀ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿਚ ਬਿਜਲੀ ਮੁਫ਼ਤ ਕੀਤੀ ਜਾ ਸਕਦੀ ਹੈ, ਮੁਹੱਲਾ ਕਲੀਨਿਕ ਬਣਾਏ ਜਾ ਸਕਦੇ ਹਨ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕਦਾ ਹੈ ਤਾਂ ਹਰਿਆਣਾ ਵਿਚ ਕਿਉਂ ਨਹੀਂ। ਪੰਜਾਬ ਦੇ 88 ਫ਼ੀਸਦੀ ਘਰਾਂ ਵਿਚ ਬਿਜਲੀ ਦਾ ਬਿੱਲ ਨਹੀਂ ਆਉਂਦਾ।